ਮੰਡੀ ਕਿੱਲਿਆਂਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਸ਼ੀਲੀ ਬਿਆਨਬਾਜ਼ੀ ਨੇ ਇਕ ਵਾਰ ਮੁੜ ਤੋਂ ਕਾਂਗਰਸ ਲਈ ਹੀ ਔਖੀ ਸਥਿਤੀ ਖੜ੍ਹੀ ਕਰ ਦਿੱਤੀ ਹੈ | ਮਲੋਟ 'ਚ ਬੀਤੇ ਦਿਨੀਂ ਚੋਣ ਪ੍ਰਚਾਰ ਮੌਕੇ ਦੇ ਵਾਇਰਲ ਹੋਏ ਬਿਆਨ ਵਿਚ ਬੇਬਾਕ ਸੰਸਦ ਮੈਂਬਰ ਨੇ ਅਕਾਲੀ ਸਰਕਾਰ ਸਮੇਂ ਸਿਖ਼ਰਲੇ ਸਿਆਸੀ ਦਬਦਬੇ ਵਾਲੀ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਤੁਲਨਾ ਸਿੱਖ ਸਾਮਰਾਜ ਦੀ ਫ਼ੌਜ ਦੇ ਜਰਨੈਲ ਹਰੀ ਸਿੰਘ ਨਲੂਆ ਨਾਲ ਕਰ ਦਿੱਤੀ | ਰਾਜਾ ਵੜਿੰਗ ਦੇ ਇਸ ਬਿਆਨ ਨਾਲ ਕਾਂਗਰਸ ਸਫ਼ਾਂ ਵਿਚ ਰੋਸ ਦੀ ਤਿੱਖੀ ਲਹਿਰ ਬਣੀ ਹੋਈ ਹੈ | ਲਗਾਤਾਰ ਗੈਰਵਾਜਿਬ ਤੇ ਵਿਵਾਦਤ ਬਿਆਨਾਂ ਤੋਂ ਕਾਂਗਰਸ ਵਰਕਰ ਅਤੇ ਆਗੂ ਇੰਨੇ ਔਖੇ ਹਨ ਕਿ ਮਾਮਲਾ ਕੇਂਦਰੀ ਹਾਈਕਮਾਂਡ ਤੱਕ ਪੁੱਜਣ ਦੀ ਸਥਿਤੀ ਬਣ ਗਈ ਹੈ | ਇਸ ਬਿਆਨ ਨਾਲ ਖ਼ਾਸਕਰ ਉਨ੍ਹਾਂ ਵਰਕਰਾਂ ਦੇ ਮਨੋਬਲ ਤੇ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ, ਖ਼ਾਸ ਕਰਕੇ ਜਿਨ੍ਹਾਂ ਨੂੰ ਉਸ ਦੌਰ ਵਿਚ ਸੱਤਾਪੱਖੀ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਿਆ ਸੀ | ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਦੇ ਅਜਿਹੇ ਵਿਵਾਦਿਤ ਬਿਆਨ ਜ਼ਮੀਨੀ ਪੱਧਰ 'ਤੇ ਕਾਂਗਰਸ ਦੇ ਰਵਾਇਤੀ ਵੋਟ ਬੈਂਕ ਅਤੇ ਆਧਾਰ ਨੂੰ ਲਗਾਤਾਰ ਖੋਰਾ ਲਗਾ ਰਹੇ ਹਨ | ਇਸ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਰਾਬਤੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ |
ਰਾਜਾ ਵੜਿੰਗ ਵਲੋਂ ਆਡੀਓ ਵਾਇਰਲ ਕਰਨ ਖ਼ਿਲਾਫ਼ ਡੀ.ਜੀ.ਪੀ. ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ
ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਤੇ ਸੂਬਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਨਾਮ ਨਾਲ ਜੋੜੀ ਜਾ ਰਹੀ ਇਕ ਫ਼ਰਜ਼ੀ ਆਡੀਓ ਰਿਕਾਰਡਿੰਗ ਨੂੰ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇ | ਡੀ.ਜੀ.ਪੀ. ਅਤੇ ਸੂਬਾ ਚੋਣ ਕਮਿਸ਼ਨ ਨੂੰ ਭੇਜੀਆਂ ਵੱਖ-ਵੱਖ ਸ਼ਿਕਾਇਤਾਂ ਵਿਚ ਵੜਿੰਗ ਨੇ ਕਿਹਾ ਕਿ ਇਹ ਇਕ ਫ਼ਰਜ਼ੀ ਆਡੀਓ ਕਲਿੱਪ ਹੈ, ਜਿਸ ਨੂੰ ਸੱਤ ਸਾਲ ਪਹਿਲਾਂ ਵੀ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਬਦਨਾਮ ਕਰਨ ਲਈ ਫੈਲਾਇਆ ਗਿਆ ਸੀ | ਜਦਕਿ ਹੁਣ ਸਥਾਨਕ ਚੋਣਾਂ ਦੌਰਾਨ ਇਸ ਨੰੂ ਮੁੜ ਜਾਣਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਿਲ ਸਾਰੇ ਲੋਕਾਂ ਖ਼ਿਲਾਫ਼ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ |
ਰਾਜਾ ਵੜਿੰਗ ਦੇ ਤਾਜ਼ਾ ਬੋਲ : ਕੋਲਿਆਂਵਾਲੀ ਦੀ ਕਰ ਦਿੱਤੀ ਹਰੀ ਸਿੰਘ ਨਲੂਆ ਨਾਲ ਤੁਲਨਾ ਵਰਕਰਾਂ ਦਾ ਹੌਂਸਲਾ ਵਧਾਉਣ ਦੇ ਜੋਸ਼ 'ਚ ਤੋੜ ਦਿੱਤਾ ਮਨੋਬਲ <br/>
ਅਜੀਤ ਡੈਸਕ
27-05-2026