ਬਾਬਾ ਬਕਾਲਾ ਸਾਹਿਬ ਵਿਖੇ ਸੱਦੀ 'ਪੰਥਕ ਕਾਨਫਰੰਸ' ਉਪਰੰਤ ਜਥੇਦਾਰ ਵਲੋਂ ਕੋਈ ਫ਼ੈਸਲਾ ਲਏ ਜਾਣ ਦੀ ਸੰਭਾਵਨਾ
ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਦੀਆਂ ਕਈ ਮੱਦਾਂ 'ਤੇ ਇਤਰਾਜ਼ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੱਦ ਕੇ ਇਤਰਾਜ਼ਯੋਗ ਮੱਦਾਂ ਹਟਾਉਣ ਲਈ 15 ਦਿਨਾ ਅੰਦਰ ਵਿਧਾਨ ਸਭਾ ਦਾ ਇਜਲਾਸ ਬੁਲਾਏ ਜਾਣ ਦੇ ਦਿੱਤੇ ਆਦੇਸ਼ ਦੀ ਸਮਾਂ ਸੀਮਾ ਅੱਜ ਭਾਵੇਂ ਸਮਾਪਤ ਹੋ ਗਈ ਹੈ, ਪਰ ਅਜੇ ਤੱਕ ਇਹ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ | 11 ਮਈ ਨੂੰ ਮੁੜ ਜਥੇਦਾਰ ਵਲੋਂ ਲਿਖਤੀ ਆਦੇਸ਼ ਜਾਰੀ ਕਰਕੇ ਅਤੇ ਇਤਰਾਜ਼ਯੋਗ ਮੱਦਾਂ ਦੀ ਸੂਚੀ ਭੇਜ ਕੇ ਸਪੀਕਰ ਨੂੰ ਦੋ ਹਫ਼ਤਿਆਂ ਅੰਦਰ ਇਜਲਾਸ ਬੁਲਾ ਕੇ ਐਕਟ ਵਿਚ ਸੋਧ ਕਰਨ ਲਈ ਕਿਹਾ ਗਿਆ ਸੀ | ਪਰ ਲਿਖਤੀ ਤੌਰ 'ਤੇ ਜਾਰੀ ਆਦੇਸ਼ ਅਨੁਸਾਰ ਅੱਜ 26 ਮਈ ਨੂੰ ਜਥੇਦਾਰ ਵਲੋਂ ਸਪੀਕਰ ਰਾਹੀਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਦੀ ਮਿਆਦ ਖਤਮ ਹੋ ਗਈ ਹੈ | ਸਮਝਿਆ ਜਾਂਦਾ ਹੈ ਕਿ ਪਹਿਲਾਂ ਕੀਤੀਆਂ ਕਈ ਇਕੱਤਰਤਾਵਾਂ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਵਲੋਂ ਇਸ ਮਾਮਲੇ ਨੂੰ ਲੈ ਕੇ ਹੁਣ 31 ਮਈ ਨੂੰ ਗੁ: ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਜੋ ਵੱਡੀ ਪੰਥਕ ਕਾਨਫੰਰਸ ਰੱਖੀ ਗਈ ਹੈ, ਉਸ ਤੋਂ ਬਾਅਦ ਹੀ ਜਥੇਦਾਰ ਗੜਗੱਜ ਵਲੋਂ ਪੰਜ ਸਿੰਘ ਸਾਹਿਬਾਨ ਨਾਲ ਇਕੱਤਰਤਾ ਕਰਕੇ ਕੋਈ ਅਹਿਮ ਐਲਾਨ ਕੀਤਾ ਜਾ ਸਕਦਾ ਹੈ |
ਸਤਿਕਾਰ ਸੋਧ ਐਕਟ : ਜਥੇਦਾਰ ਗੜਗੱਜ ਵਲੋਂ ਸਪੀਕਰ ਸੰਧਵਾਂ ਰਾਹੀਂ ਸਰਕਾਰ ਨੂੰ ਦਿੱਤਾ 15 ਦਿਨਾਂ ਦਾ 'ਅਲਟੀਮੇਟਮ' ਖ਼ਤਮ
ਅਜੀਤ ਡੈਸਕ
27-05-2026