ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਇਲਾਕੇ ਟਰਾਂਸਪੋਰਟ ਨਗਰ ਨੇੜੇ ਸ਼ਰਾਬ ਦੇ ਪੈਸੇ ਦੇਣ ਤੋਂ ਮਨ੍ਹਾ ਕਰਨ 'ਤੇ ਦੋ ਨੌਜਵਾਨਾਂ ਵਲੋਂ ਇਕ ਅੱਧਖੜ ਉਮਰ ਦੇ ਵਿਅਕਤੀ ਦਾ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ, ਉਪਰੰਤ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੰਦੀਪ ਸ੍ਰੀਵਾਸਤਵ ਵਾਸੀ ਲਖਨਊ ਤੇ ਇਸ਼ਾਕ ਅਲੀ ਵਾਸੀ ਉਤਰ ਪ੍ਰਦੇਸ਼ ਸ਼ਾਮਿਲ ਹਨ | ਜਾਂਚ ਕਰ ਰਹੀ ਅਧਿਕਾਰੀ ਐਸ. ਐਚ. ਓ. ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਇਹ ਦੋਵੇਂ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਲੁਧਿਆਣਾ ਵਿਚ ਰਹਿ ਰਹੇ ਹਨ ਤੇ ਬੀਤੀ ਰਾਤ ਜਦ ਉਹ ਦੋਵੇਂ ਟਰਾਂਸਪੋਰਟ ਨਗਰ ਨੇੜੇ ਠੇਕੇ 'ਤੇ ਸ਼ਰਾਬ ਪੀਤੀ ਤੇ ਹੋਰ ਪੀਣ ਲਈ ਪੈਸੇ ਨਾ ਹੋਣ ਕਾਰਨ ਉਥੇ ਬੈਠੇ ਇਕ ਵਿਅਕਤੀ ਨੂੰ ਵਰਗਲਾ ਕੇ ਆਪਣੇ ਨਾਲ ਇਕ ਪਲਾਟ 'ਚ ਲੈ ਗਏ ਤੇ ਪੈਸਿਆਂ ਦੀ ਮੰਗ ਕੀਤੀ | ਜਦੋਂ ਉਸ ਵਿਅਕਤੀ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਇਨ੍ਹਾਂ ਦੋਵਾਂ ਨੇ ਉਸਦੇ ਪੱਥਰ ਮਾਰ ਮਾਰ ਕੇ ਜਾਨੋ ਮਾਰ ਦਿੱਤਾ ਤੇ 1500 ਜੇਬ 'ਚੋਂ ਕੱਢ ਕੇ ਫਰਾਰ ਹੋ ਗਏ | ਮਿ੍ਤਕ ਦੀ ਸ਼ਨਾਖ਼ਤ ਬਾਅਦ ਵਿਚ ਬਿ੍ਜ ਮੰਗਲ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 45 ਸਾਲ ਦੇ ਕਰੀਬ ਸੀ ਤੇ ਉਹ ਐਸ. ਏ. ਐਸ. ਨਗਰ ਦਾ ਰਹਿਣ ਵਾਲਾ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ |