ਮੋਗਾ, 27 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਇਕ ਵੱਡਾ ਮਾਮਲਾ ਇਸ ਵੇਲੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਖਿਲਾਫ਼ ਦਾਇਰ ਕੀਤੇ ਗਏ ਮਾਣਹਾਨੀ ਕੇਸ ਵਿਚ ਹੁਣ ਅਦਾਲਤੀ ਕਾਰਵਾਈ ਅੱਗੇ ਵੱਧਦੀ ਨਜ਼ਰ ਆ ਰਹੀ ਹੈ | ਜਾਣਕਾਰੀ ਮੁਤਾਬਿਕ ਮੋਗਾ ਦੀ ਮਾਣਯੋਗ ਅਦਾਲਤ, ਜਿੱਥੇ ਜੱਜ ਆਸਿਮਾ ਸ਼ਰਮਾ ਦੀ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਹੋਈ, ਉੱਥੇ ਅਦਾਲਤ ਵਲੋਂ ਸਵਾਤੀ ਮਾਲੀਵਾਲ ਨੂੰ 10 ਜੂਨ ਨੂੰ ਮੋਗਾ ਅਦਾਲਤ ਵਿਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਵਾਤੀ ਮਾਲੀਵਾਲ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਵਿਧਾਇਕਾਂ ਦੀ ਤੁਲਨਾ 'ਭੇਡ ਬੱਕਰੀਆਂ' ਨਾਲ ਕੀਤੀ ਸੀ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਮਾਨਯੋਗ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ | ਅਦਾਲਤ ਵਲੋਂ ਕੇਸ ਦੀ ਪ੍ਰਾਰੰਭਿਕ ਸੁਣਵਾਈ ਕਰਨ ਤੋਂ ਬਾਅਦ ਹੁਣ ਸਵਾਤੀ ਮਾਲੀਵਾਲ ਨੂੰ ਨੋਟਿਸ ਜਾਰੀ ਕਰਦੇ ਹੋਏ 10 ਜੂਨ ਨੂੰ ਮੋਗਾ ਅਦਾਲਤ ਵਿਚ ਹਾਜ਼ਰ ਹੋਣ ਲਈ ਆਦੇਸ਼ ਦਿੱਤੇ ਗਏ ਹਨ |