ਅੰਮਿ੍ਤਸਰ, 27 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਬੀੜ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਬਣਾਈ 'ਸਿੱਟ' ਦੁਆਰਾ ਸ਼੍ਰੋਮਣੀ ਕਮੇਟੀ ਤੋਂ ਗ਼ੈਰ-ਜ਼ਰੂਰੀ ਜਾਣਕਾਰੀਆਂ ਮੰਗਣ ਨੂੰ ਲੈ ਕੇ ਸ਼ਿਕਾਇਤ ਕਰਦਿਆਂ ਇਸ ਮਾਮਲੇ 'ਚ ਯੋਗ ਆਦੇਸ਼ ਦੇਣ ਦੀ ਮੰਗ ਕੀਤੀ ਹੈ | ਅੱਜ ਜਥੇਦਾਰ ਗੜਗੱਜ ਨੂੰ ਲਿਖੇ ਪੱਤਰ ਵਿਚ ਧਾਮੀ ਨੇ ਕਿਹਾ ਕਿ ਆਪ ਜੀ ਵਲੋਂ ਆਦੇਸ਼ ਜਾਰੀ ਕਰਕੇ 328 ਪਾਵਨ ਬੀੜ ਸਾਹਿਬ ਦੇ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਗਠਿਤ 'ਸਿੱਟ' ਨੂੰ ਸ਼੍ਰੋਮਣੀ ਕਮੇਟੀ ਤਰਫੋਂ ਦਾਸ (ਪ੍ਰਧਾਨ) ਦੀ ਨਿਗਰਾਨੀ ਹੇਠ ਸਹਿਯੋਗ ਦੇਣ ਲਈ ਕਿਹਾ ਗਿਆ ਸੀ, ਜੋਕਿ ਦਿੱਤਾ ਵੀ ਗਿਆ | ਪ੍ਰੰਤੂ ਹੁਣ 'ਸਿੱਟ' ਵਲੋਂ ਪੁੱਜੀਆਂ ਦੋ ਵੱਖ-ਵੱਖ ਪੱਤ੍ਰਕਾਵਾਂ ਵਿਚ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਨਾਲ ਸੰਬੰਧਿਤ ਕਮੇਟੀ ਦੇ ਸਮੁੱਚੇ ਬੈਂਕ ਖਾਤਿਆਂ, ਲੈਣ ਦੇਣ, ਬੈਲੇਂਸ ਸ਼ੀਟਾਂ, ਅਕਾਊਾਟਸ ਅਤੇ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਨਿੱਜੀ ਚੈਨਲਾਂ ਨਾਲ ਹੋਏ ਸਮਝੌਤਿਆਂ ਆਦਿ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮੰਗੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਗ਼ੈਰ-ਜ਼ਰੂਰੀ ਜਾਣਕਾਰੀ ਸੰਸਥਾ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਵਿਚ ਸਿੱਧਾ ਦਖਲ ਹੈ | ਇਸ ਲਈ ਜਥੇਦਾਰ ਵਿਚਾਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਯੋਗ ਆਦੇਸ਼ ਭੇਜਣ ਦੀ ਖੇਚਲ ਕਰਨਾ |