ਸੰਗਰੂਰ, 27 ਮਈ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਧੂਰੀ ਨੇੜੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੰਜਾਬ ਦੇ ਪੁਲਿਸ ਅਧਿਕਾਰੀਆਂ ਪ੍ਰਤੀ ਕੀਤੇ ਗਏ ਮਾੜੇ ਰਵੱਈਏ ਦੀ ਤਿੱਖੀ ਨਿੰਦਾ ਕੀਤੀ ਹੈ | ਚੀਮਾ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਵਲੋਂ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਪੁਲਿਸ ਅਧਿਕਾਰੀਆਂ ਨੂੰ ਡਰਾਇਆ ਅਤੇ ਧਮਕਾਇਆ ਗਿਆ | ਕੇਂਦਰੀ ਰਾਜ ਮੰਤਰੀ ਦੇ ਗੈਰ ਜਿੰਮੇਵਾਰਾਨਾ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਹੋਇਆ ਸ੍ਰੀ ਚੀਮਾ ਨੇ ਕਿਹਾ ਕਿ ਦੋ ਤਿੰਨ ਵਾਰ ਪਾਰਲੀਮੈਂਟ ਮੈਂਬਰ ਚੁਣੇ ਜਾਣ ਦੇ ਬਾਵਜੂਦ ਉਨ੍ਹਾਂ ਵਲੋਂ ਮਰਿਆਦਾਹੀਨ ਭਾਸ਼ਾ ਵਰਤੀ ਜਾਣੀ ਅਤਿ ਨਿੰਦਣਯੋਗ ਹੈ | ਅੱਜ ਇੱਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਾ ਕੇਂਦਰੀ ਮੰਤਰੀ ਵਜੋਂ ਕਾਰਜਕਾਲ ਅਗਲੇ ਮਹੀਨੇ ਖ਼ਤਮ ਹੋ ਰਿਹਾ ਹੈ ਤੇ ਉਨ੍ਹਾਂ ਨੇ ਕੇਂਦਰੀ ਟੀਮ ਨੰੂ ਖ਼ੁਸ਼ ਕਰਨ ਲਈ ਅਜਿਹਾ ਵਤੀਰਾ ਅਪਣਾਇਆ ਤਾਂ ਜੋ ਕੋਈ ਹੋਰ ਅਹੁਦਾ ਹਾਸਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਇਸਦੇ ਆਗੂ ਲੋਕਤੰਤਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹਨ ਕਿਤੇ ਵੀ ਧੱਕੇਸ਼ਾਹੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ 29 ਮਈ ਨੂੰ ਆਉਣ ਵਾਲੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ ਸੰਸਥਾ ਅਤੇ ਹਰਪ੍ਰੀਤ ਸਿੰਘ ਮੀਮਸਾ ਵੀ ਮੌਜੂਦ ਸਨ |