ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ)- ਬੀਤੇ ਕੱਲ੍ਹ ਕੌਂਸਲ ਚੋਣਾਂ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਨਾਲ ਰਿਹੜੇ 'ਤੇ ਚੜ੍ਹਕੇ ਵੋਟ ਪਾਉਣ ਜਾਂਦੇ ਦਿਖਾਈ ਦਿੱਤੇ ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕੱਸਿਆ ਅਤੇ ਇਸ ਦੌਰਾਨ ਰਾਜਾ ਵੜਿੰਗ ਅਤੇ ਮੁੱਖ ਮੰਤਰੀ ਆਹਮੋ-ਸਾਹਮਣੇ ਆ ਗਏ | ਮੁੱਖ ਮੰਤਰੀ ਨੇ ਰਾਜਾ ਵੜਿੰਗ 'ਤੇ ਤੰਜ਼ ਕੱਸਦਿਆਂ ਕਿਹਾ ਕਿ 'ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ 'ਤੇ ਆ ਗਏ, ਪ੍ਰਚਾਰ ਡਿਫੈਂਡਰਾਂ 'ਤੇ, ਵੋਟ ਪਾਉਣ ਰੇਹੜਿਆਂ 'ਤੇ ਆ ਗਏ, ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ' ਇਸ ਦਾ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਨੂੰ ਮੋੜਵਾਂ ਜਵਾਬ ਦਿੱਤਾ ਹੈ | ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ 'ਮਾੜੇ ਦਿਨਾਂ ਦੀ ਨਿਸ਼ਾਨੀ, ਜਿਹੜੇ ਬਦਲਾਅ ਦੇ ਨਾਅਰੇ ਲਾਉਂਦੇ ਸੀ, ਉਹ ਸਿਰਫ਼ ਇਸ਼ਤਿਹਾਰਾਂ 'ਤੇ ਆ ਗਏ, ਜਦੋਂ ਵੀ ਅਸੀਂ ਪੈਟਰੋਲ/ਡੀਜ਼ਲ 'ਤੇ ਭਾਜਪਾ ਘੇਰੀ, ਤੁਸੀਂ ਕਿਉਂ ਖਾ-ਮ-ਖਾਹ ਬੁਰਾ ਮਨਾ ਗਏ, ਦੇਖ ਭਾਈ ਬਾਲਿਆ ਕੁਰਸੀ ਖਾਤਰ, ਕਿਵੇਂ ਆਪਣੇ ਹੀ ਰੰਗ ਵਿਖਾ ਗਏ, ਵੋਟਾਂ ਦੌਰਾਨ ਕੱਲ੍ਹ ਧੂਰੀ 'ਚ ਤੁਸੀਂ ਭਾਜਪਾ ਕੋਲੋਂ ਪੁਲਿਸ ਦੀ ਬੇਜ਼ਤੀ ਕਰਵਾ ਗਏ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ, ਕੁਰਸੀ ਖਾਤਰ, ਮਾਨ ਸਾਬ ਕਿਵੇਂ ਮੋਦੀ-ਸ਼ਾਹ ਅੱਗੇ ਸਿਰ ਝੁਕਾ ਗਏ | ਮੁੱਖ ਮੰਤਰੀ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਬਦੀ ਜੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਸ਼ਬਦੀ ਜੰਗ ਵਿਚ ਕੁੱਦਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਰਾਜਾ ਵੜਿੰਗ ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਇਕ ਸੰਦੇਸ਼ ਦੇਣ ਲਈ ਰਿਹੜੇ 'ਤੇ ਚੜੇ ਹਨ, ਪਰ ਉਹ ਹੁਣ ਉਮੀਦ ਕਰਦੇ ਹਨ ਕਿ ਰਾਜਾ ਵੜਿੰਗ ਆਪਣੀਆਂ ਕਰੋੜਾਂ ਦੀਆਂ ਮਹਿੰਗੀਆਂ ਗੱਡੀਆਂ ਤਿਆਗ ਕੇ ਸੰਸਦ ਵਿਚ ਅਤੇ ਬਾਕੀ ਜਗ੍ਹਾ ਰਿਹੜੇ 'ਤੇ ਹੀ ਜਾਣਗੇ |