ਚੰਡੀਗੜ੍ਹ, 27 ਮਈ (ਸੰਦੀਪ ਕੁਮਾਰ ਮਾਹਨਾ)ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਨੇ ਅਦਾਲਤ ਵਿਚ ਪੇਸ਼ ਹੋ ਕੇ ਭਰੋਸਾ ਦਿਵਾਇਆ ਕਿ ਪੰਚਾਇਤ ਸਕੱਤਰਾਂ ਦੀ ਲੰਬਿਤ ਤਨਖ਼ਾਹ ਜਾਰੀ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਅਤੇ ਦੋ ਮਹੀਨਿਆਂ ਦੇ ਅੰਦਰ ਭੁਗਤਾਨ ਯਕੀਨੀ ਬਣਾਇਆ ਜਾਵੇਗਾ | ਮਾਮਲਾ ਪੰਚਾਇਤ ਸਕੱਤਰਾਂ ਦੇ ਬਕਾਇਆ ਤਨਖ਼ਾਹ ਅਤੇ ਕੇਡਰ ਮਰਜਰ ਨਾਲ ਸਬੰਧਿਤ ਸੀ ਤੇ ਜੋਸ਼ੀ ਵਲੋਂ ਭਰੋਸਾ ਦਿਵਾਉਣ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ | ਮਾਮਲਾ ਸਾਲ 2016 ਬੈਚ ਦੇ ਪੰਚਾਇਤ ਸਕੱਤਰਾਂ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਨਾਲ ਜੁੜਿਆ ਹੋਇਆ ਸੀ | ਪਟੀਸ਼ਨਰਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਪੇਂਡੂ ਵਿਕਾਸ ਅਧਿਕਾਰੀ/ਗ੍ਰਾਮ ਸੇਵਕਾਂ ਨਾਲ ਸਮਾਇਤ ਕਰਨ ਸਬੰਧੀ ਸਰਕਾਰ ਦੀ ਮਨਜ਼ੂਰੀ ਨੂੰ ਲਾਗੂ ਕੀਤਾ ਜਾਵੇ | ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ 22 ਜਨਵਰੀ 2026 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਕੇਡਰ ਨੂੰ ਮਰਜ਼ ਕਰਕੇ 'ਪੰਚਾਇਤ ਵਿਕਾਸ ਸਕੱਤਰ' ਦੇ ਨਾਂਅ ਹੇਠ ਨਵਾਂ ਕੇਡਰ ਬਣਾਇਆ ਸੀ, ਪਰ ਇਸਨੂੰ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ | ਅਦਾਲਤ ਵਲੋਂ ਪੇਸ਼ ਹੋਣ ਦੇ ਹੁਕਮਾਂ 'ਤੇ ਪ੍ਰਸ਼ਾਸਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਸੁਣਵਾਈ ਦੌਰਾਨ ਅਦਾਲਤ ਵਿਚ ਹਾਜ਼ਰ ਹੋਏ | ਉਨ੍ਹਾਂ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਭਵਿੱਖ 'ਚ ਸਮੇਂ ਸਿਰ ਜਵਾਬ ਦਾਖ਼ਲ ਕੀਤੇ ਜਾਣਗੇ |