ਚੰਡੀਗੜ੍ਹ/ਅੰਮਿ੍ਤਸਰ, 27 ਮਈ (ਸੁਖਵਿੰਦਰ ਸਿੰਘ ਸ਼ਾਨ/ਹਰਮਿੰਦਰ ਸਿੰਘ)-ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਭਲਕੇ (28 ਮਈ) ਤੋਂ ਸਖ਼ਤ ਗਰਮੀ ਤੋਂ ਰਾਹਤ ਮਿਲ ਸਕਦੀ ਹੈ | ਪੱਛਮ ਵਿਚ ਸਰਗਰਮ ਮੌਸਮ ਦੀ ਗੜਬੜੀ ਦੇ ਚੱਲਦਿਆਂ ਬੱਦਲਵਾਈ, ਤੇਜ਼ ਹਵਾਵਾਂ ਤੇ ਮੀਂਹ ਉੱਤਰ ਭਾਰਤੀ ਰਾਜਾਂ ਦੇ ਤਪਦੇ ਮਾਹੌਲ ਨੂੰ ਠੰਢਾ ਕਰ ਸਕਦੇ ਹਨ | ਅਨੁਮਾਨ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਇਲਾਕਿਆਂ ਵਿਚ ਬੱਦਲਾਂ ਦੀ ਗਰਮ ਚਮਕ ਦੇ ਨਾਲ ਹਲਕਾ ਮੀਂਹ ਪਵੇਗਾ ਤੇ ਤੇਜ਼ ਗਤੀ ਦੀਆਂ ਹਵਾਵਾਂ ਚੱਲਣਗੀਆਂ | ਜਦੋਂਕਿ 29 ਮਈ ਨੂੰ ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ ਦੇ ਕੁੱਝ ਇਲਾਕਿਆਂ ਵਿਚ ਮੀਂਹ ਪੈਣ, ਝੱਖੜ ਚੱਲਣ ਤੇ ਗੜੇ ਪੈਣ ਸੰਬੰਧੀ ਲਾਲ ਚਿਤਾਵਨੀ (ਰੈੱਡ ਅਲਰਟ) ਜਾਰੀ ਕੀਤੀ ਗਈ ਹੈ | ਹਾਲਾਂਕਿ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਲੂ ਅਤੇ ਗਰਮੀ ਦਾ ਕਹਿਰ ਜਾਰੀ ਰਿਹਾ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ 28 ਤੋਂ 31 ਮਈ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਬੱਦਲ ਸਰਗਰਮ ਹੋਣਗੇ, ਕਈ ਥਾਵਾਂ 'ਤੇ ਮੀਂਹ ਪਵੇਗਾ, ਤੇਜ਼ ਹਵਾਵਾਂ ਚੱਲਣਗੀਆਂ ਅਤੇ ਕੁੱਝ ਥਾਵਾਂ 'ਤੇ ਗੜੇ ਵੀ ਪੈ ਸਕਦੇ ਹਨ | ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿਚ 28 ਮਈ ਨੂੰ ਕੁੱਝ ਕੁ ਥਾਵਾਂ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ | ਜਾਰੀ ਲਾਲ ਚਿਤਾਵਨੀ ਦੇ ਚੱਲਦਿਆਂ 29 ਮਈ ਨੂੰ ਪੰਜਾਬ ਦੇ ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਐਸ.ਏ.ਐਸ ਨਗਰ ਜ਼ਿਲਿ੍ਹਆਂ 'ਚ 90 ਕਿਲੋਮੀਟਰ ਪਰ ਗਤੀ ਦਾ ਝੱਖੜ ਚੱਲੇਗਾ ਅਤੇ ਮੀਂਹ ਦੇ ਨਾਲ ਗੜੇ ਵੀ ਪੈਣਗੇ, ਜਦੋਂ ਕਿ 30 ਅਤੇ 31 ਮਈ ਨੂੰ ਕੱੁਝ ਇਲਾਕਿਆਂ ਵਿਚ ਬੱਦਲਾਂ ਦੀ ਗਰਜ, ਚਮਕ ਦੇ ਨਾਲ ਹਲਕਾ ਮੀਂਹ ਪਵੇਗਾ | ਇਸੇ ਤਰ੍ਹਾਂ ਹਰਿਆਣਾ ਵਿਚ 28 ਮਈ ਜਿੱਥੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਪੈਣ ਅਤੇ ਹਵਾ ਚੱਲਣ ਦਾ ਅਨੁਮਾਨ ਹੈ, ਉਥੇ ਹੀ 29 ਮਈ ਨੂੰ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਜ਼ਿਲਿ੍ਹਆਂ ਵਿਚ ਤੇਜ਼ ਮੀਂਹ ਦੇ ਨਾਲ ਨਾਲ ਗੜੇ ਪੈਣ ਅਤੇ 90 ਕਿਲੋਮੀਟਰ ਪਰ ਘੰਟੇ ਦਾ ਝੱਖੜ ਚੱਲਣ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ |