ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰ ਕੇ ਪੰਜਾਬ 'ਚ ਸਪਲਾਈ ਕਰਨ ਵਾਲੇ ਤਿੰਨ ਕਾਬੂ <br/>
ਅਜੀਤ ਡੈਸਕ
30-05-2026
ਜਲੰਧਰ, 29 ਮਈ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿਚ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ | ਮੁਲਜ਼ਮਾਂ ਕੋਲੋਂ ਪੁਲਿਸ ਨੇ .32 ਬੋਰ ਦੇ 5 ਪਿਸਤੌਲ, 9 ਮੈਗਜ਼ੀਨ ਤੇ 22 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਇਨ੍ਹਾਂ ਦੀ ਪਛਾਣ ਮਨਜੋਤ ਸਿੰਘ ਵਾਸੀ ਪਿੰਡ ਢੇਸੀਆਂ, ਸੰਦੀਪ ਸਿੰਘ ਵਾਸੀ ਪਿੰਡ ਜਾਗੋਵਾਲ ਅਤੇ ਅਮਨਦੀਪ ਸਿੰਘ ਉਰਫ ਅਮਨ ਵਾਸੀ ਪਿੰਡ ਭੈਣੀ ਪਸਵਾਲ ਤਿੰਨੇ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਨੰਬਰ 153 ਮਿਤੀ 25/5/2026 ਪੁਲਿਸ ਸਟੇਸ਼ਨ ਡਵੀਜ਼ਨ-6 ਵਿਖੇ ਅਸਲਾ ਐਕਟ ਦੀ ਧਾਰਾ 25 (1-ਬੀ) ਏ ਤਹਿਤ ਦਰਜ ਕੀਤੀ ਗਈ ਹੈ | ਇਸ ਸੰਬੰਧੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਮਨਜਿੰਦਰ ਸਿੰਘ ਦੀ ਟੀਮ ਨੇ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਸ਼ੱਕੀ ਮਨਜੋਤ ਸਿੰਘ ਨੂੰ ਬੱਸ ਸਟੈਂਡ ਜਲੰਧਰ ਨੇੜਿਓਾ ਇਕ .32 ਬੋਰ ਪਿਸਤੌਲ, ਇਕ ਮੈਗਜ਼ੀਨ ਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਸੀ | ਉਨ੍ਹਾਂ ਨੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਮਨਜੋਤ ਨੇ ਆਪਣੇ ਖੁਲਾਸੇ ਦੌਰਾਨ ਇਸ ਗਰੋਹ 'ਚ ਸ਼ਾਮਿਲ ਆਪਣੇ ਦੋ ਸਾਥੀਆਂ ਸੰਦੀਪ ਸਿੰਘ ਤੇ ਅਮਨਦੀਪ ਸਿੰਘ ਬਾਰੇ ਜਾਣਕਾਰੀ ਦਿੱਤੀ | ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਡੀ.ਸੀ.ਪੀ. (ਤਫ਼ਤੀਸ਼) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਤਫ਼ਤੀਸ਼) ਜੇਅੰਤ ਪੁਰੀ ਤੇ ਏ.ਸੀ.ਪੀ. (ਤਫ਼ਤੀਸ਼) ਅਮਰਬੀਰ ਸਿੰਘ ਦੀ ਅਗਵਾਈ ਹੇਠ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਉਕਤ ਦੋਵਾਂ ਨੂੰ ਗਿ੍ਫਤਾਰ ਕਰ ਲਿਆ | ਸੀ.ਪੀ. ਧੰਨਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਅਮਨਦੀਪ ਦੇ ਖੁਲਾਸੇ ਦੇ ਆਧਾਰ 'ਤੇ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਵਿਖੇ ਧੁੱਸੀ ਬੰਨ੍ਹ ਨੇੜੇ ਲੁਕਾਏ ਗਏ ਚਾਰ ਹੋਰ .32 ਬੋਰ ਪਿਸਤੌਲਾਂ ਦੇ ਨਾਲ-ਨਾਲ 8 ਮੈਗਜ਼ੀਨ ਅਤੇ 18 ਜ਼ਿੰੰਦਾ ਕਾਰਤੂਸ ਬਰਾਮਦ ਕੀਤੇ | ਉਨ੍ਹਾਂ ਅੱਗੇ ਕਿਹਾ ਕਿ ਇਸ ਸੰਬੰਧੀ ਆਉਣ ਵਾਲੇ ਦਿਨਾਂ 'ਚ ਹੋਰ ਗਿ੍ਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ | ਏ.ਸੀ.ਪੀ. ਅਮਰਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਸੂਬੇ ਅੰਦਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ 'ਚ ਸ਼ਾਮਿਲ ਹੈ ਗਰੋਹ-ਡੀ.ਜੀ.ਪੀ
ਡੀ.ਜੀ.ਪੀ. ਗੌਰਵ ਯਾਦਵ ਨੇ ਜਾਰੀ ਬਿਆਨ ਰਾਹੀਂ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਇਸ ਕਾਰਵਾਈ ਨੂੰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਦੱਸਿਆ | ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਰੋਹ ਪੰਜਾਬ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ 'ਚ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਮੁਕੰਮਲ ਖਾਤਮਾ ਕਰਨ ਲਈ ਹੋਰ ਜਾਂਚ ਜਾਰੀ ਹੈ |