ਨੂਰਪੁਰ ਬੇਦੀ, 30 ਮਈ (ਹਰਦੀਪ ਸਿੰਘ ਢੀਂਡਸਾ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਵਾਹਨਾਂ 'ਤੇ ਲਗਾਏ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿਚ 1 ਜੂਨ ਨੂੰ ਪੰਜਾਬ, ਹਰਿਆਣਾ ਤੇ ਹਿਮਾਚਲ ਦੀਆਂ ਸਰਹੱਦਾਂ ਨਾਲ ਲੱਗਦੇ 55 ਐਂਟਰੀ ਤੇ ਐਗਜ਼ਿਟ ਪੁਆਇੰਟਾਂ 'ਤੇ ਚਾਰ ਘੰਟੇ ਲਈ ਵਿਆਪਕ ਚੱਕਾ ਜਾਮ ਕੀਤਾ ਜਾਵੇਗਾ | ਇਹ ਐਲਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਨੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਦੱਸਿਆ ਕਿ ਮਹਿਤਪੁਰ-ਨੰਗਲ ਬਾਰਡਰ, ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ, ਨਾਲਾਗੜ੍ਹ-ਘਨੌਲੀ ਸਟੇਟ ਹਾਈਵੇ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਨੂੰ ਜੋੜਨ ਵਾਲੇ ਕੁੱਲ 55 ਐਂਟਰੀ-ਐਗਜ਼ਿਟ ਪੁਆਇੰਟਾਂ ਉੱਤੇ ਚਾਰ ਘੰਟਿਆਂ ਲਈ ਰੋਸ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਜਾਵੇਗਾ | ਇਸ ਮੌਕੇ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਸ਼ੇਰੇ ਪੰਜਾਬ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਜਨ ਚੇਤਨਾ ਮੰਚ ਰੂਪਨਗਰ, ਜਨ ਅਧਿਕਾਰ ਕਲਿਆਣ ਸਮਿਤੀ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨੂਰਪੁਰ ਬੇਦੀ ਟੈਕਸੀ ਯੂਨੀਅਨ, ਸ੍ਰੀ ਅਨੰਦਪੁਰ ਸਾਹਿਬ ਟੈਕਸੀ ਯੂਨੀਅਨ, ਕੀਰਤਪੁਰ ਸਾਹਿਬ ਟੈਕਸੀ ਯੂਨੀਅਨ ਨੰਗਲ ਟੈਕਸੀ ਯੂਨੀਅਨ ਤੇ ਬੀਤ ਭਲਾਈ ਕਮੇਟੀ, ਹੁਸ਼ਿਆਰਪੁਰ ਅਤੇ ਪਠਾਨਕੋਟ ਖੇਤਰ ਦੀਆਂ ਟੈਕਸੀ ਯੂਨੀਅਨਾਂ ਸਮੇਤ ਅਨੇਕਾਂ ਸਮਾਜਿਕ, ਕਿਸਾਨ ਅਤੇ ਟਰਾਂਸਪੋਰਟ ਜਥੇਬੰਦੀਆਂ ਨੇ ਚੱਕਾ ਜਾਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ | ਇਸ ਮੌਕੇ ਮਦਨ ਗੋਪਾਲ ਸ਼ਰਮਾ ਪ੍ਰਧਾਨ, ਦਰਸ਼ਨ ਸਿੰਘ, ਕਪਲ ਦੇਵ ਬਾਵਾ, ਦਰਸ਼ਨ ਸਿੰਘ, ਦਿਲਾਵਰ ਸਿੰਘ, ਦੀਦਾਰ ਸਿੰਘ ਦਾਰਾ, ਮਹਿੰਦਰ ਪਾਲ ਹੈਪੀ, ਕੁਲਦੀਪ ਸਿੰਘ, ਸੋਨੂ ਬਾਵਾ, ਬਿੰਦਰ ਭੱਗਲ, ਮਹਿੰਦਰ ਕੁਮਾਰ ਸ਼ੌਂਕੀ, ਸੁਨੀਲ ਕੁਮਾਰ, ਕਮਲ ਕੁਮਾਰ, ਲੱਕੀ ਕਾਕਾ ਸਸਕੋਰ ਅਤੇ ਕਿਰਤੀ ਕਿਸਾਨ ਮੋਰਚਾ ਦੇ ਹੋਰ ਸਾਥੀ ਵੀ ਹਾਜ਼ਰ ਸਨ |