ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਰ.ਕੇ. ਰੋਡ 'ਤੇ ਫ਼ੈਕਟਰੀ 'ਚ ਟੈਂਕ ਸਾਫ਼ ਕਰਨ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਪਿਓ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਆਰ.ਕੇ. ਰੋਡ 'ਤੇ ਸਥਿਤ ਦੀਪ ਟੂਲ ਪ੍ਰਾਈਵੇਟ ਲਿਮਟਿਡ 'ਚ ਮਾਲਕਾਂ ਵਲੋਂ ਟੈਂਕ ਦੀ ਸਫ਼ਾਈ ਦਾ ਕੰਮ ਕਰਨ ਵਾਲੇ ਪ੍ਰਾਈਵੇਟ ਵਿਅਕਤੀ ਮਾਨ ਸਿੰਘ (48) ਅਤੇ ਉਸ ਦਾ ਲੜਕਾ ਅਮਿਤ (26) ਨੂੰ ਬੁਲਾਇਆ ਗਿਆ ਸੀ | ਇਸ ਸਮੇਂ ਇਨ੍ਹਾਂ ਨਾਲ ਫ਼ੈਕਟਰੀ ਦਾ ਵਰਕਰ ਸ੍ਰੀਰਾਮ (56) ਅਤੇ ਉਸ ਦੇ ਦੋ ਸਾਥੀ ਮੌਜੂਦ ਸਨ | ਮਿ੍ਤਕ ਮਾਨ ਸਿੰਘ ਦੀ ਲੜਕੀ ਰੇਨੂੰ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਭਰਾ ਅਕਸਰ ਹੀ ਉਕਤ ਫ਼ੈਕਟਰੀ ਵਿਚ ਟੈਂਕ ਸਾਫ਼ ਕਰਨ ਲਈ ਆਉਂਦੇ ਸਨ | ਉਸ ਨੇ ਦੱਸਿਆ ਕਿ ਦੇਰ ਰਾਤ 11 ਵਜੇ ਫ਼ੈਕਟਰੀ ਦੇ ਮਾਲਕ ਨੇ ਉਨ੍ਹਾਂ ਨੂੰ ਟੈਂਕ ਦੀ ਸਫ਼ਾਈ ਕਰਨ ਲਈ ਫ਼ੋਨ ਕੀਤਾ | ਰੇਨੂੰ ਨੇ ਦੱਸਿਆ ਕਿ ਅਕਸਰ ਉਸ ਦੇ ਪਿਤਾ ਅਤੇ ਭਰਾ ਟੈਂਕ ਦੀ ਸਫ਼ਾਈ ਕਰਨ ਤੋਂ ਬਾਅਦ ਤੜਕੇ ਘਰ ਪਰਤ ਆਉਂਦੇ ਸਨ, ਪਰ ਜਦੋਂ ਉਹ ਅੱਜ ਸਵੇਰ ਤੱਕ ਵੀ ਘਰ ਨਾ ਆਏ ਤਾਂ ਪਰਿਵਾਰਕ ਮੈਂਬਰ ਇਨ੍ਹਾਂ ਦੀ ਭਾਲ ਕਰਦੇ ਕਰਦੇ ਫ਼ੈਕਟਰੀ 'ਚ ਆ ਗਏ | ਉਥੇ ਫ਼ੈਕਟਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਉਹ ਹਸਪਤਾਲ ਪਹੁੰਚੇ ਤਾਂ ਇਨ੍ਹਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ | ਇਨ੍ਹਾਂ ਨਾਲ ਫ਼ੈਕਟਰੀ ਵਰਕਰ ਸ੍ਰੀਰਾਮ ਦੀ ਵੀ ਮੌਤ ਹੋ ਗਈ ਸੀ ਅਤੇ ਦੋ ਫ਼ੈਕਟਰੀ ਵਰਕਰ ਹਸਪਤਾਲ ਵਿਚ ਜ਼ੇਰੇ ਇਲਾਜ ਸਨ | ਰੇਨੂੰ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਭਰਾ ਦੀ ਮੌਤ ਰਾਤ ਸਮੇਂ ਹੀ ਹੋ ਗਈ ਸੀ | ਮਿ੍ਤਕਾਂ ਦੇ ਪਰਿਵਾਰਾਂ ਵਲੋਂ ਸੂਚਨਾ ਦਿੱਤੇ ਜਾਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਮਾਮਲੇ 'ਚ ਫ਼ੈਕਟਰੀ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ | ਮਿ੍ਤਕ ਮਾਨ ਸਿੰਘ ਅਤੇ ਉਸ ਦਾ ਪਰਿਵਾਰ ਮੂਲ ਰੂਪ ਵਿਚ ਹਰਿਆਣਾ ਦਾ ਰਹਿਣ ਵਾਲਾ ਹੈ ਜੋ ਪਿਛਲੇ ਕੁੱਝ ਸਮੇਂ ਤੋਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਰਹਿ ਰਿਹਾ ਸੀ | ਸੂਚਨਾ ਮਿਲਦਿਆਂ ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਵੀ ਮੌਕੇ 'ਤੇ ਪਹੁੰਚੇ | ਹਾਲ ਦੀ ਘੜੀ ਫ਼ੈਕਟਰੀ ਬੰਦ ਕਰਵਾ ਦਿੱਤੀ ਗਈ ਹੈ | ਇਸ ਦੌਰਾਨ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ |