ਪਾਇਲ, 1 ਜੂਨ (ਨਿਜ਼ਾਮਪੁਰ/ ਰਜਿੰਦਰ ਸਿੰਘ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਆਪਣੇ ਸੰਕਲਪ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਲਗਾਤਾਰ ਪ੍ਰਭਾਵਸ਼ਾਲੀ ਨਤੀਜੇ ਦੇ ਰਹੀ ਹੈ | ਇਸ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿਚ ਅੱਜ ਉਸ ਸਮੇਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ, ਜਦੋਂ ਬਹੁਚਰਚਿਤ ਤੇ ਬਹੁ ਕਰੋੜੀ ਡਰੱਗ ਤਸਕਰੀ ਮਾਮਲੇ ਨਾਲ ਜੁੜੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਗੈਰ-ਕਾਨੂੰਨੀ ਉਸਾਰੀ 'ਤੇ ਬੁਲਡੋਜ਼ਰ ਚਲਾਇਆ ਗਿਆ | ਇਸ ਮੌਕੇ ਜ਼ਿਲ੍ਹਾ ਨਗਰ ਯੋਜਨਾਕਾਰ (ਰੈਗੂਲੇਟਰੀ) ਗਲਾਡਾ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਵਿਕਾਸ ਹੀਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਲਾਡਾ ਲੁਧਿਆਣਾ ਦੀ ਟੀਮ ਜਿਸ ਵਿਚ ਲਾਅ ਅਫਸਰ ਦਿਗਵਿਜੈ ਸਿੰਘ, ਐਸ. ਡੀ. ਈ. ਗੁਰਪ੍ਰੀਤ ਸਿੰਘ, ਐਸ. ਡੀ. ਈ. ਕਰਨ ਅਗਰਵਾਲ, ਐਸ. ਡੀ. ਈ. ਸੁਮੇਸ਼ ਕੌਸ਼ਲ, ਜੇ. ਈ. ਵਰਿੰਦਰ ਸਿੰਘ, ਜੇ. ਈ. ਅਮਨਦੀਪ ਸਿੰਘ, ਜੇ. ਈ. ਰੋਹਿਤ ਗੋਇਲ, ਜੇ. ਈ. ਅਕਸ਼ੇ ਵਿਸ਼ਿਸ਼ਟ, ਜੇ. ਈ. ਵੀਰਪਾਲ ਸਿੰਘ, ਜੇ. ਈ. (ਪੀ.ਐਚ.) ਅਮਨਦੀਪ ਸਿੰਘ ਸ਼ਾਮਿਲ ਸਨ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਫੋਰਸ ਨਾਲ ਗੁਰਦੀਪ ਸਿੰਘ ਰਾਣੋ ਦੀ ਪਿੰਡ ਰਾਣੋ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰ ਖੇਤਰ ਪੈਂਦੀ ਨਾਜਾਇਜ਼ ਉਸਾਰੀ ਨੂੰ ਨਿਯਮਾਂ ਅਨੁਸਾਰ ਢਾਹਿਆ ਗਿਆ ਹੈ | ਜਦੋਂ ਕਿ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਗਲਾਡਾ ਤੇ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸਾਰੀ ਜਗਾ ਨੂੰ ਟਿ੍ਬਿਊਨਲ ਅਤੇ ਈ.ਡੀ. ਵਲੋਂ ਫਰੀਜ਼ ਕੀਤਾ ਹੋਇਆ ਹੈ ਇਸ ਕਰਕੇ ਕੋਈ ਵੀ ਅਧਿਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਨਹੀਂ ਕਰ ਸਕਦਾ | ਉਨ੍ਹਾਂ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ | ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਰਦੀਪ ਸਿੰਘ ਰਾਣੋ ਖ਼ਿਲਾਫ਼ ਨਸ਼ਾ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 10 ਮਾਮਲੇ ਦਰਜ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਸਪਸ਼ਟ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਅੱਜ ਦੀ ਕਾਰਵਾਈ ਨੂੰ ਸਿਰਫ਼ ਇੱਕ ਇਮਾਰਤ ਢਾਹੁਣ ਦੀ ਘਟਨਾ ਨਹੀਂ, ਸਗੋਂ ਨਸ਼ਾ ਮਾਫੀਆ ਖ਼ਿਲਾਫ਼ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਦੀ ਪ੍ਰਤੀਕ ਹੈ |