ਜਲੰਧਰ, 5 ਜੂਨ (ਸ਼ਿਵ)- ਸੂਬੇ ਦੇ ਜੀ. ਐਸ. ਟੀ. ਵਿਭਾਗ ਵਲੋਂ ਸਮੇਂ-ਸਮੇਂ ਸਿਰ ਕਰ ਚੋਰੀ ਅਤੇ ਫ਼ਰਜ਼ੀ ਬਿਲਿੰਗ ਦੇ ਮਾਮਲੇ ਫੜੇ ਜਾਂਦੇ ਰਹੇ ਹਨ ਤੇ ਵਿਭਾਗ ਵਲੋਂ ਇਸ ਤਰ੍ਹਾਂ ਦੇ ਕਈ ਮਾਮਲਿਆਂ ਦਾ ਖ਼ੁਲਾਸਾ ਕੀਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਕਰ ਚੋਰੀ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਸੂਬੇ ਦੇ ਵਿਭਾਗ ਨੇ 5 ਜੂਨ ਨੂੰ ਲੋਹੇ ਅਤੇ ਸਟੀਲ ਸੈਕਟਰ ਵਿਚ ਵੱਡੀ ਇਨਫੋਰਸਮੈਂਟ ਮੁਹਿੰਮ ਵਧੀਕ ਕਮਿਸ਼ਨਰ ਸਟੇਟ ਟੈਕਸ-1 ਪੰਜਾਬ ਆਈ. ਏ. ਐਸ. ਸੋਨਮ ਦੀ ਅਗਵਾਈ ਵਿਚ ਚਲਾਈ ਹੈ ਜਿਸ ਦੇ ਤਹਿਤ 200 ਤੋਂ ਵੱਧ ਵਾਹਨ ਰੋਕ ਕੇ ਜਾਂਚ ਕੀਤੀ ਅਤੇ ਕਰੀਬ 7 ਕਰੋੜ ਰੁਪਏ ਮੁੱਲ ਦਾ ਸਾਮਾਨ ਨੂੰ ਜ਼ਬਤ ਕਰ ਲਿਆ ਗਿਆ | ਇਹ ਕਾਰਵਾਈ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ (ਐਸ.ਆਈ. ਪੀ. .ਯੂ.) ਵਲੋਂ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਆਸ-ਪਾਸ ਦੇ ਉਦਯੋਗਿਕ ਖੇਤਰਾਂ ਵਿਚ ਕੀਤੀ ਗਈ | ਇਸ ਦਾ ਮੁੱਖ ਉਦੇਸ਼ ਬਿਨਾਂ ਮਨਜ਼ੂਰ ਦਸਤਾਵੇਜ਼ਾਂ ਅਤੇ ਫ਼ਰਜ਼ੀ ਬਿਲਿੰਗ ਰਾਹੀਂ ਹੋ ਰਹੀ ਕਰ ਚੋਰੀ ਨੂੰ ਰੋਕਣਾ ਸੀ¢ ਵਿਭਾਗ ਦੀ ਕਾਰਵਾਈ ਦੌਰਾਨ ਲੋਹਾ ਸਕਰੈਪ ਅਤੇ ਤਿਆਰ ਸਟੀਲ ਸਮਗਰੀ ਲਿਜਾਉਣ ਵਾਲੇ ਵਾਹਨਾਂ ਨੂੰ ਰੋਕ ਕੇ ਵਿਸਥਾਰਪੂਰਵਕ ਜਾਂਚ ਕੀਤੀ ਗਈ¢ ਕੁੱਲ ਮਿਲਾ ਕੇ 2400 ਮੀਟਰਿਕ ਟਨ ਤੋਂ ਵੱਧ ਸਾਮਾਨ ਇਸ ਕਾਰਵਾਈ ਵਿਚ ਆਇਆ, ਜਿਸ ਦੀ ਅੰਦਾਜ਼ਨ ਮਾਰਕੀਟ ਕੀਮਤ ਕਰੀਬ 7 ਕਰੋੜ ਰੁਪਏ ਦੱਸੀ ਜਾ ਰਹੀ ਹੈ¢ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਈ ਵਾਹਨਾਂ ਕੋਲ ਲੋੜੀਂਦੇ ਇਨਵਾਇਸ ਅਤੇ ਈ-ਵੇਅ ਬਿਲ ਨਹੀਂ ਸਨ ਜਾਂ ਸ਼ੱਕੀ ਦਸਤਾਵੇਜ਼ਾਂ ਦੇ ਆਧਾਰ 'ਤੇ ਸਾਮਾਨ ਲਿਜਾਇਆ ਜਾ ਰਿਹਾ ਸੀ¢ ਅਧਿਕਾਰੀਆਂ ਅਨੁਸਾਰ ਦੋਸ਼ੀਆਂ 'ਤੇ ਭਾਰੀ ਜੁਰਮਾਨੇ ਲੱਗਣ ਦੀ ਸੰਭਾਵਨਾ ਹੈ, ਜੋ 3.5 ਕਰੋੜ ਰੁਪਏ ਤੋਂ ਵੱਧ ਹੋ ਸਕਦੇ ਹਨ¢ ਵਿਭਾਗੀ ਸੂਤਰਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਲਗਾਤਾਰ ਜਾਰੀ ਹੈ |