ਚੰਡੀਗੜ੍ਹ, 6 ਜੂਨ (ਅਜੀਤ ਬਿਊਰੋ)-ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਦਿਆਂ ਪੰਜਾਬ ਪੁਲਿਸ ਨੇ ਨਿੱਜੀ ਵਾਹਨਾਂ 'ਤੇ ਹੂਟਰ, ਸਾਇਰਨ ਤੇ ਫਲੈਸ਼ਰਾਂ ਦੀ ਗੈਰ-ਕਾਨੂੰਨੀ ਵਰਤੋਂ ਵਿਰੁੱਧ ਪੰਜ ਦਿਨਾ ਵਿਸ਼ੇਸ਼ ਰਾਜ ਵਿਆਪੀ ਮੁਹਿੰਮ ਚਲਾਈ, ਜਿਸ ਦੌਰਾਨ 29,000 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ | ਸੂਬੇ ਭਰ ਵਿਚ ਇਹ ਵਿਆਪਕ ਕਾਰਵਾਈ 2 ਜੂਨ, 2026 ਤੋਂ ਸ਼ੁਰੂ ਕੀਤੀ ਗਈ ਸੀ | ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਲਾਈ ਗਈ ਇਸ ਮੁਹਿੰਮ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਬਿਨਾਂ ਕਿਸੇ ਅਧਿਕਾਰ ਦੇ ਹੂਟਰ, ਸਾਇਰਨ ਜਾਂ ਫਲੈਸ਼ਰ ਸਮੇਤ ਕੋਈ ਵੀ ਗੈਰ-ਕਾਨੂੰਨੀ ਸਿਗਨਲਿੰਗ ਉਪਕਰਨ ਲਾਉਣ ਵਾਲੇ ਨਿੱਜੀ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀ.ਜੀ.ਪੀ.) ਕਾਨੂੰਨ ਤੇ ਵਿਵਸਥਾ ਪ੍ਰਵੀਨ ਸਿਨਹਾ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਯੰਤਰ ਸਿਰਫ਼ ਐਮਰਜੈਂਸੀ ਵਾਹਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਹਨ | ਉਨ੍ਹਾਂ ਕਿਹਾ ਕਿ ਨਿੱਜੀ ਵਿਅਕਤੀਆਂ ਨੂੰ ਇਨ੍ਹਾਂ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਪੰਜ ਦਿਨਾ ਕਾਰਵਾਈ ਦੇ ਨਤੀਜੇ ਸਾਂਝੇ ਕਰਦਿਆਂ ਵਿਸ਼ੇਸ਼ ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਟੀਮਾਂ ਨੇ ਕੁੱਲ 29,324 ਵਾਹਨਾਂ ਦੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟੀਮਾਂ ਵਲੋਂ ਅਣਅਧਿਕਾਰਤ ਵਾਹਨਾਂ ਤੋਂ 52 ਹੂਟਰ, 10 ਸਾਇਰਨ ਤੇ 403 ਫਲੈਸ਼ਰ ਸਫਲਤਾਪੂਰਵਕ ਹਟਾਏ ਗਏ | ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲੇ 4,221 ਵਾਹਨਾਂ ਦੇ ਚਲਾਨ ਕੱਟੇ ਗਏ ਤੇ 48 ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਸੂਬੇ ਭਰ ਵਿਚ ਜਾਰੀ ਰਹੇਗੀ |
ਨਿੱਜੀ ਵਾਹਨਾਂ 'ਤੇ ਹੂਟਰ, ਸਾਇਰਨ ਤੇ ਫਲੈਸ਼ਰ ਲਾਉਣ ਵਿਰੁੱਧ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਚੈਕਿੰਗ
ਅਜੀਤ ਡੈਸਕ
07-06-2026