ਅੰਮਿ੍ਤਸਰ, 6 ਜੂਨ (ਰੇਸ਼ਮ ਸਿੰਘ)-ਭੇਦ ਭਰੇ ਹਾਲਾਤਾਂ 'ਚ ਲਾਪਤਾ ਹੋਏ ਆਸਟ੍ਰੇਲੀਅਨ ਨਾਗਰਿਕ ਦਾ ਕਤਲ ਉਸਦੇ ਹੀ ਸਕੇ ਭਰਾ, ਭਾਬੀ ਤੇ ਭਤੀਜੇ ਨੇ ਕਰੋੜਾਂ ਦੀ ਜਾਇਦਾਦ ਹੜਪਣ ਦੀ ਨੀਅਤ ਨਾਲ ਕੀਤਾ ਅਤੇ ਕਤਲ ਉਪਰੰਤ ਲਾਸ਼ ਵੀ ਹਰੀਕੇ ਦਰਿਆ 'ਚ ਰੋੜ੍ਹ ਦਿੱਤੀ | ਪੁਲਿਸ ਨੇ ਮਿ੍ਤਕ ਦੇ ਭਰਾ ਉਸਦੀ ਪਤਨੀ ਤੇ ਪੁੱਤਰ ਤੋਂ ਇਲਾਵਾ ਇਕ ਪ੍ਰਾਪਰਟੀ ਡੀਲਰ ਵੀ ਗਿ੍ਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਦਰਿਆ 'ਚ ਲਾਸ਼ ਲਭਣ ਲਈ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ | ਅੱਜ ਇਥੇ ਐੱਸ. ਐੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਸਤੀਸ਼ ਸ਼ਰਮਾ ਉਰਫ ਸੰਨੀ, ਉਸਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਪੁੱਤਰ ਸੁਨੀਸ਼ ਸ਼ਰਮਾ ਵਾਸੀ ਬਲਿਊ ਸਿਟੀ ਤੇ ਪ੍ਰਾਪਰਟੀ ਡੀਲਰ ਲਛਮਣ ਸਿੰਘ ਵਾਸੀ ਆਰ.ਬੀ. ਅਸਟੇਟ ਅੰਮਿ੍ਤਸਰ ਵਜੋਂ ਹੋਈ ਹੈ | ਇਸ ਤੋਂ ਇਲਾਵਾ ਇਸ ਕਤਲ ਮਾਮਲੇ 'ਚ ਮਨਜਿੰਦਰ ਸਿੰਘ ਵਾਸੀ ਮਹਿਮੂਦਪੁਰਾ, ਜੱਜਬੀਰ ਸਿੰਘ ਉਰਫ ਬਾਬਾ ਵਾਸੀ ਪਿੰਡ ਭਰੂਪੁਰ ਨੂੰ ਵੀ ਨਾਮਜਦ ਕੀਤਾ ਗਿਆ ਹੈ ਜਿਨ੍ਹਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 23 ਮਈ ਨੂੰ ਸੁਨੀਲ ਸ਼ਰਮਾ ਵਾਸੀ ਮੋਹਾਲੀ ਜੋ ਕਿ ਆਸਟ੍ਰੇਲੀਆ ਦਾ ਨਾਗਰਿਕ ਹੈ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸਦੇ ਦੋਸਤ ਗੌਰਵ ਕੰਧਾਰੀ ਨੇ ਕੀਤੀ ਸੀ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਥੇ ਆਪਣੀ ਕੋਠੀ ਨੂੰ ਪੇਂਟ ਕਰਵਾਉਣ ਲਈ ਆਇਆ ਸੀ ਤੇ ਲਾਪਤਾ ਹੋ ਗਿਆ ਉਸਦਾ ਫੋਨ ਵੀ ਬੰਦ ਆ ਰਿਹਾ ਸੀ | ਪੁਲਿਸ ਵਲੋਂ ਇਸ ਦੀ ਤਕਨੀਕੀ ਤੇ ਖੁਫੀਆ ਆਧਾਰ 'ਤੇ ਕੀਤੀ ਪੜਤਾਲ 'ਚ ਪਾਇਆ ਕਿ ਇਸ ਕਤਲ ਦੀ ਸਾਜਿਸ਼ ਸੰਨੀ ਨੇ ਆਪਣੇ ਹੀ ਭਰਾ ਨੇ ਸੁਨੀਲ ਸ਼ਰਮਾ ਦੀ ਕੋਠੀ ਅਤੇ ਭੈਣ ਰਿਤੂ ਦੀ ਕੋਠੀ ਹੜਪ ਕਰਨ ਲਈ ਤਿੰਨ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਰਚੀ ਸੀ | ਜਿਨ੍ਹਾਂ ਨੇ ਲੁਧਿਆਣਾ ਤੋਂ ਪਾਵਰ ਆਫ ਅਟਾਰਨੀ ਬਣਾਈ ਜਿਸ ਦੇ ਆਧਾਰ 'ਤੇ ਅੰਮਿ੍੍ਰਤਸਰ ਤਹਿਸੀਲ ਤੋਂ 11 ਮਈ ਨੂੰ ਦੋਵੇਂ ਕੋਠੀਆਂ ਆਪਣੇ ਨਾਮ 'ਤੇ ਕਰਵਾ ਲਈਆਂ ਤੇ 16 ਮਈ ਨੂੰ ਯੋਜਨਾ ਤਹਿਤ ਸੁਨੀਲ ਸ਼ਰਮਾ ਨੂੰ ਕੋਠੀ ਵੇਚਣ ਲਈ ਅੰਮਿ੍ਤਸਰ ਸੱਦ ਲਿਆ | ਯੋਜਨਾ ਮੁਤਾਬਕ ਇਹ ਆਰ. ਬੀ. ਅਸਟੇਟ ਵਿਖੇ ਇਕੱਠੇ ਹੋਏ ਤੇ ਨੀਂਦ ਵਾਲੀਆਂ ਗੋਲੀਆਂ ਦਾ ਪਾਊਡਰ ਖਾਣੇ 'ਚ ਮਿਲਾ ਦਿੱਤਾ ਤੇ ਬੀਅਰ ਵੀ ਪਿਲਾ ਦਿੱਤੀ | ਦੁਪਹਿਰ ਵੇਲੇ ਇਨ੍ਹਾਂ ਉਸਦਾ ਕਤਲ ਬੇਸਬੈਟ ਮਾਰ ਕੇ ਕਰ ਦਿੱਤਾ, ਜਿਸ ਦੀ ਮੌਤ ਹੋ ਗਈ ਤੇ ਸਤੀਸ਼ ਸ਼ਰਮਾ ਦੀ ਪਤਨੀ ਅਨਾਸ਼ਕਾ ਨੇ ਗੱਦੇ ਦੇ ਦੋ ਹਿੱਸੇ ਕਰਕੇ ਲਾਸ਼ ਲਪੇਟ ਦਿੱਤੀ ਤੇ ਫਿਰ ਸਾਰੇ ਰਲ ਕੇ ਉਸਦੀ ਦੇਹ ਨੂੰ ਹਰੀਕੇ ਨਹਿਰ 'ਤੇ ਪਹੁੰਚ ਕੇ ਸੁੱਟ ਆਏ | ਉਸ ਤੋਂ ਬਾਅਦ ਉਸਦੀ ਗੱਡੀ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ 'ਚ ਖੜੀ ਕਰ ਦਿੱਤੀ ਤੇ ਕੋਠੀ ਤੇ ਕਾਰ ਦੀਆਂ ਚਾਬੀਆਂ ਦਲਾਲਾਂ ਨੂੰ ਦੇ ਦਿੱਤੀਆਂ ਤੇ ਦਿੱਲੀ ਚਲੇ ਗਏ | ਪੁਲਿਸ ਵਲੋਂ ਗੋਤਾਖਾਰਾਂ ਦੀ ਮਦਦ ਨਾਲ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਿੰਦਰਪਾਲ ਸਿੰਘ ਨਾਗਰਾ ਡੀ. ਐੱਸ. ਪੀ. (ਡੀ), ਯਾਦਵਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |
ਲਾਪਤਾ ਆਸਟ੍ਰੇਲੀਅਨ ਨਾਗਰਿਕ ਦੀ ਹੱਤਿਆ ਸਕੇ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜਾਮ <br/>
ਅਜੀਤ ਡੈਸਕ
07-06-2026