ਸੰਗਰੂਰ, 8 ਜੂਨ (ਦਮਨਜੀਤ ਸਿੰਘ)-ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਇੱਕ ਭਗੌੜੇ ਅਪਰਾਧੀ ਨੂੰ 4 ਨਾਜਾਇਜ਼ ਪਿਸਤੌਲ 32 ਬੋਰ, 3 ਮੈਗਜ਼ੀਨ, 8 ਜਿੰਦਾ ਰੌਂਦ ਤੇ ਕਾਰ ਸਮੇਤ ਗਿ੍ਫ਼ਤਾਰ ਕਰਦਿਆਂ ਸੁਨਾਮ ਏਰੀਏ ਵਿਚ ਹੋਣ ਵਾਲੀ ਇੱਕ ਵੱਡੀ ਘਟਨਾ ਨੂੰ ਰੋਕਣ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਗਰੂਰ ਪੁਲਿਸ ਵਲੋਂ ਮੁਖ਼ਬਰੀ ਦੇ ਆਧਾਰ 'ਤੇ 5 ਜੂਨ ਨੂੰ ਥਾਣਾ ਸਿਟੀ ਸੁਨਾਮ ਵਿਖੇ ਮਨਪ੍ਰੀਤ ਸਿੰਘ ਮਨੀ ਵਾਸੀ ਜਗਤਪੁਰਾ ਬਸਤੀ ਸੁਨਾਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ ਥਾਣਾ ਸਿਟੀ ਸੁਨਾਮ ਵਿਖੇ ਪਿਛਲੇ ਸਾਲ 8 ਦਸੰਬਰ ਨੂੰ ਦਰਜ ਮੁਕੱਦਮੇ ਵਿਚ ਪਿਛਲੇ 6 ਮਹੀਨਿਆਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ ਤੇ ਇਸ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ 10 ਮੁਕੱਦਮੇ ਦਰਜ ਹਨ | ਡਾ: ਗਰੇਵਾਲ ਨੇ ਦੱਸਿਆ ਕਿ ਐਸ.ਪੀ. (ਡੀ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਸੰਗਰੂਰ ਦੀ ਪੁਲਿਸ ਪਾਰਟੀ ਵਲੋਂ ਮਨਪ੍ਰੀਤ ਮਨੀ ਨੂੰ ਸੁਨਾਮ ਕੈਂਚੀਆਂ ਤੋਂ ਗਿ੍ਫ਼ਤਾਰ ਕੀਤਾ ਗਿਆ ਤੇ ਉਸ ਪਾਸੋਂ 4 ਪਿਸਤੌਲ 32 ਬੋਰ, 3 ਮੈਗਜ਼ੀਨ ਅਤੇ 8 ਜਿੰਦਾ ਰੌਂਦ ਸਮੇਤ ਇੱਕ ਕਾਰ ਦੇ ਬਰਾਮਦ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਮਨਪ੍ਰੀਤ ਮਨੀ ਦੀ ਗਿ੍ਫ਼ਤਾਰੀ ਉਪਰੰਤ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨੀ ਨੇ ਇਸ ਅਸਲੇ ਨਾਲ ਲਖਵਿੰਦਰ ਸਿੰਘ ਲੱਖੀ ਪੱਥਰ ਵਾਸੀ ਪਰਮਾਨੰਦ ਬਸਤੀ ਸੁਨਾਮ ਦਾ ਕਤਲ ਕਰਨਾ ਸੀ | ਡਾ: ਗਰੇਵਾਲ ਨੇ ਸੀ.ਆਈ. ਏ. ਸਟਾਫ਼ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਸੀ.ਆਈ.ਏ. ਦੀ ਟੀਮ ਵੱਲੋਂ ਮਨਪ੍ਰੀਤ ਮਨੀ ਨੂੰ ਸਮਾਂ ਰਹਿੰਦਿਆਂ ਗਿ੍ਫ਼ਤਾਰ ਕਰ ਕੇ ਸੰਗਰੂਰ ਇਲਾਕੇ ਵਿੱਚ ਵਾਪਰਨ ਵਾਲੀ ਕਤਲ ਦੀ ਵੱਡੀ ਵਾਰਦਾਤ ਨੂੰ ਹੋਣ ਤੋਂ ਟਾਲਿਆ ਹੈ | ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਮਨੀ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ ਐਸ.ਪੀ. (ਡੀ) ਦਵਿੰਦਰ ਅੱਤਰੀ, ਡੀ.ਐਸ.ਪੀ. (ਡੀ) ਹਰਸਿਮਰਨ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਇੰਸ: ਸੰਦੀਪ ਸਿੰਘ, ਥਾਣਾ ਸਿਟੀ ਸੁਨਾਮ ਮੁਖੀ ਇੰਸ: ਪ੍ਰਤੀਕ ਜਿੰਦਲ ਤੇ ਰੀਡਰ ਸਿਮਰਨਜੀਤ ਸਿੰਘ ਵੀ ਮੌਜੂਦ ਸਨ |
6 ਮਹੀਨਿਆਂ ਤੋਂ ਭਗੌੜਾ ਮਨਪ੍ਰੀਤ 4 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗਿ੍ਫ਼ਤਾਰ
ਅਜੀਤ ਡੈਸਕ
09-06-2026