ਅੰਮਿ੍ਤਸਰ, 11 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਬੀਤੀ ਦੇਰ ਬਾਤ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਦੀ ਘਟਨਾ ਸਾਹਮਣੇ ਆਈ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰਾਂ ਤੇ ਸ਼ਰਧਾਲੂਆਂ ਵਲੋਂ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰ ਲਏ ਜਾਣ ਕਾਰਨ ਕੋਈ ਵੱਡੀ ਘਟਨਾ ਵਾਪਰਨ ਤੇ ਬੇਅਦਬੀ ਹੋਣ ਤੋਂ ਬਚਾਅ ਰਿਹਾ | ਜਾਣਕਾਰ ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਇਕ ਵਜੇ ਦੇ ਕਰੀਬ ਇੱਕ ਨੌਜਵਾਨ ਨੇ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਪਾਲਕੀ ਸਾਹਿਬ ਅੱਗੇ ਰਵਾਇਤ ਅਨੁਸਾਰ ਰੱਖੀ ਹੋਈ ਸ੍ਰੀ ਸਾਹਿਬ ਚੁੱਕ ਲਈ, ਪਰ ਮੌਕੇ 'ਤੇ ਮੌਜੂਦ ਕੁਝ ਸ਼ਰਧਾਲੂਆਂ ਨੇ ਉਸਨੂੰ ਕਾਬੂ ਕਰ ਲਿਆ | ਜਾਣਕਾਰੀ ਅਨੁਸਾਰ ਬਾਅਦ ਵਿਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਭਾਵੇਂਕਿ ਪੁਲਿਸ ਵਲੋਂ ਉਕਤ ਵਿਅਕਤੀ ਤੋਂ ਪੁੱਛਗਿੱਛ ਜਾਰੀ ਹੈ, ਪਰ ਸੂਤਰਾਂ ਅਨੁਸਾਰ ਕਾਬੂ ਕੀਤੇ ਗਏ ਵਿਅਕਤੀ ਦਾ ਨਾਂਅ ਅਭੈਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਹਾਰਨਪੁਰ ਦੱਸਿਆ ਜਾ ਰਿਹਾ ਹੈ | ਦੂਜੇ ਪਾਸੇ ਪੁਲਿਸ ਵਲੋਂ ਦੇਰ ਸ਼ਾਮ ਤੱਕ ਦੋਸ਼ੀ ਵਿਅਕਤੀ ਵਿਰੁੱਧ ਪਰਚਾ ਦਰਜ ਕੀਤੇ ਜਾਣ ਬਾਰੇ ਕੋਈ ਸੂਚਨਾ ਨਹੀਂ ਮਿਲੀ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜੋ ਇਨ੍ਹੀਂ ਦਿਨੀਂ ਇੱਕ ਵਫਦ ਲੈ ਕੇ ਅਮਰੀਕਾ ਗਏ ਹੋਏ ਹਨ, ਨੇ ਇਸ ਘਟਨਾ ਦੇ ਸਾਜਿਸ਼ਕਾਰਾਂ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ ਹੈ | ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦੀ ਮੁਸ਼ਤੈਦੀ ਨਾਲ ਬੇਅਦਬੀ ਹੋਣ ਤੋਂ ਬਚਾਅ ਰਿਹਾ, ਪ੍ਰੰਤੂ ਬੀਤੀ ਰਾਤ ਦੀ ਇਹ ਘਟਨਾ ਬੇਹੱਦ ਗੰਭੀਰ ਤੇ ਵੱਡੀ ਸਾਜ਼ਿਸ਼ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਦੀ ਹਿਰਾਸਤ ਵਿਚ ਹੈ ਜੇਕਰ ਅਜੇ ਵੀ ਇਸ ਘਟਨਾ ਦੇ ਸਾਜਿਸ਼ਕਰਤਾ ਸਾਹਮਣੇ ਨਹੀਂ ਲਿਆਂਦੇ ਜਾਂਦੇ ਤਾਂ ਇਹ ਸਪੱਸ਼ਟ ਹੋਵੇਗਾ ਕਿ ਸਰਕਾਰ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਮਾਮਲਿਆਂ ਪ੍ਰਤੀ ਗੰਭੀਰ ਨਹੀਂ ਹੈ | ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਲੋਕ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋਣ ਇਸ ਲਈ ਸੁਚੇਤ ਹੋ ਕੇ ਸੇਵਾ ਨਿਭਾਈ ਜਾਵੇ |
ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਕਾਬੂ
ਅਜੀਤ ਡੈਸਕ
12-06-2026