ਚੰਡੀਗੜ੍ਹ, 12 ਜੂਨ (ਕਪਿਲ ਵਧਵਾ)-ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਗਿ੍ਫ਼ਤਾਰ ਡੀ.ਜੀ.ਪੀ. ਵਿਜੀਲੈਂਸ ਦੇ ਸਾਬਕਾ ਰੀਡਰ ਓਮ ਪ੍ਰਕਾਸ਼ ਸਿੰਘ (ਓ.ਪੀ.) ਰਾਣਾ, ਮਲੌਟ ਦੇ ਠੇਕੇਦਾਰ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਚਾਰ ਦਿਨਾਂ ਦੇ ਰਿਮਾਂਡ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਦਾਲਤ ਵਿਚ ਪੇਸ਼ ਕੀਤਾ ਗਿਆ | ਸੁਣਵਾਈ ਉਪਰੰਤ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ | ਜ਼ਿਕਰਯੋਗ ਹੈ ਕਿ ਓ.ਪੀ. ਰਾਣਾ ਨੂੰ ਗਿ੍ਫ਼ਤਾਰੀ ਤੋਂ 11 ਦਿਨ ਬਾਅਦ ਜੇਲ੍ਹ ਭੇਜਿਆ ਗਿਆ ਹੈ | ਜਾਂਚ ਨਾਲ ਜੁੜੇ ਸੂਤਰਾਂ ਅਨੁਸਾਰ ਸੀ.ਬੀ.ਆਈ. ਨੇ ਰਿਮਾਂਡ ਦੌਰਾਨ ਮਹੱਤਵਪੂਰਨ ਡਿਜੀਟਲ ਸਬੂਤ ਇਕੱਠੇ ਕੀਤੇ ਹਨ | ਏਜੰਸੀ ਨੂੰ ਰਾਣਾ ਵਲੋਂ ਵਰਤੇ ਜਾਂਦੇ ਆਈਫੋਨ ਦੇ ਕਲਾਊਡ ਡਾਟਾਬੇਸ ਤੋਂ ਵਟਸਐਪ ਚੈਟਾਂ ਅਤੇ ਹੋਰ ਇਲੈਕਟ੍ਰਾਨਿਕ ਜਾਣਕਾਰੀ ਹਾਸਲ ਹੋਈ ਹੈ | ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚੈਟਾਂ ਅਤੇ ਕਾਲ ਡਿਟੇਲ ਰਿਕਾਰਡ ਰਾਹੀਂ ਮੁਲਜ਼ਮਾਂ ਦਰਮਿਆਨ ਹੋਏ ਸੰਪਰਕ, ਕਥਿਤ ਵਿੱਤੀ ਲੈਣ-ਦੇਣ ਦੀ ਗੱਲਬਾਤ ਅਤੇ ਵਿਜੀਲੈਂਸ ਨਾਲ ਸਬੰਧਿਤ ਜਾਣਕਾਰੀ ਦੇ ਆਦਾਨ-ਪ੍ਰਦਾਨ ਬਾਰੇ ਅਹਿਮ ਸੁਰਾਗ ਮਿਲ ਸਕਦੇ ਹਨ |