ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਸੋਮਵਾਰ ਸ਼ਾਮ ਨੂੰ ਸ਼ਹਿਰ ਦੇ ਢਿੱਲੋਂ ਨਗਰ ਇਲਾਕੇ ਵਿਚ ਮੋਬਾਈਲ ਫੋਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਜਾਨਲੇਵਾ ਰੂਪ ਧਾਰਨ ਕਰ ਲਿਆ, ਜਦੋਂ ਇਕ ਨੌਜਵਾਨ ਨੇ ਦੋਸਤ ਨਾਲ ਬਹਿਸ ਤੋਂ ਬਾਅਦ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ | ਮਿ੍ਤਕ ਦੀ ਪਛਾਣ ਕਰਨਜੀਤ ਸਿੰਘ (31) ਵਜੋਂ ਹੋਈ ਹੈ, ਜੋ ਕਿ ਲੋਹਾਰਾ ਦੇ ਬਸੰਤ ਨਗਰ ਦਾ ਰਹਿਣ ਵਾਲਾ ਹੈ | ਡਾਬਾ ਥਾਣੇ ਦੇ ਐਸ.ਐਚ.ਓ. ਪਰਮਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਦੋਸਤ ਦੋਸ਼ੀ ਅਰਜੁਨ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਨੁਸਾਰ ਕਰਨਜੀਤ ਸਿੰਘ ਸੋਮਵਾਰ ਦੁਪਹਿਰ ਨੂੰ ਆਪਣੇ ਚਚੇਰੇ ਭਰਾ ਗੁਰਿੰਦਰ ਸਿੰਘ ਨਾਲ ਢਿੱਲੋਂ ਨਗਰ ਨੇੜੇ ਜਾ ਰਿਹਾ ਸੀ, ਜਦੋਂ ਉਨ੍ਹਾਂ ਅਰਜੁਨ ਨਾਲ ਮੋਬਾਈਲ ਨੂੰ ਲੈ ਕੇ ਤਕਰਾਰ ਹੋ ਗਿਆ, ਅਰਜੁਨ ਨੇ ਆਪਣੇ ਪਾਸ ਰੱਖੇ ਚਾਕੂ ਨਾਲ ਕਰਨ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ | ਲਹੂ ਲੁਹਾਨ ਹੋਇਆ ਕਰਨ ਉੱਥੇ ਹੀ ਡਿੱਗ ਪਿਆ ਅਤੇ ਮੌਕੇ 'ਤੇ ਹੀ ਦਮ ਤੋੜ ਗਿਆ |