ਅਟਾਰੀ ਸਰਹੱਦ, (ਅੰਮ੍ਰਿਤਸਰ) 19 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਲਾਹੌਰ ਪਾਕਿਸਤਾਨ ਵਿਖੇ ਸਥਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਉਨ੍ਹਾਂ ਦੀ ਬਰਸੀ ਮਨਾਉਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਲੋਂ 434 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ। ਭਾਰਤ ਤੋਂ ਅਟਾਰੀ ਸਰਹੱਦ ਰਸਤੇ ਇਨ੍ਹਾਂ ਸ਼ਰਧਾਲੂਆਂ ਦਾ ਇਕ ਜਥਾ 21 ਜੂਨ ਨੂੰ ਪਾਕਿਸਤਾਨ ਲਈ ਭਾਰਤ ਤੋਂ ਰਵਾਨਾ ਹੋਵੇਗਾ। ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਲੋਂ ਜਾਰੀ ਕੀਤੇ ਗਏ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਨੂੰ 290, ਹਰਿਆਣਾ ਕਮੇਟੀ ਨੂੰ 66 ਵੀਜੇ, ਦਿੱਲੀ ਕਮੇਟੀ ਨੂੰ 61 ਵੀਜੇ ਅਤੇ ਉੱਤਰਾਖੰਡ ਦੇ ਸਿੱਖ ਸ਼ਰਧਾਲੂਆਂ ਨੂੰ 17 ਵੀਜ਼ੇ ਮਿਲੇ ਹਨ। ਇਹ ਸਾਰੇ ਸਿੱਖ ਸ਼ਰਧਾਲੂ ਦਿੱਲੀ ਹਾਈ ਕਮਿਸ਼ਨ ਤੋਂ ਵੀਜ਼ੇ ਲੈ ਕੇ ਆਪੋ ਆਪਣੇ ਰਾਜਾਂ ਨੂੰ ਰਵਾਨਾ ਹੋ ਗਏ ਹਨ ਜਿੱਥੇ ਉਹ ਆਪਣੀਆਂ ਸਿੱਖ ਸੰਗਤਾਂ ਨੂੰ ਵੀਜ਼ੇ ਦੇ ਕੇ ਪਾਕਿਸਤਾਨ ਲਈ ਰਵਾਨਾ ਕਰਨਗੇ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼ਰਧਾਲੂ 21 ਜੂਨ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਣਗੇ, 10 ਦਿਨਾਂ ਪਾਕਿਸਤਾਨ ਯਾਤਰਾ ਤੇ ਸਿੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨਾ ਅਬਦਾਲ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਤੇ ਰੋੜੀ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਨਾਲ ਕਰਨਗੇ। ਭਾਰਤ ਤੋਂ ਜਾਣ ਵਾਲੇ ਸਿੱਖ ਜਥੇ ਦੀ ਅਗਵਾਈ ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਬੂਟਾ ਸਿੰਘ ਤੇ ਖੁਸ਼ਵਿੰਦਰ ਸਿੰਘ ਭਾਟੀਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਮੈਂਬਰ ਜਗਤਾਰ ਸਿੰਘ ਮਿਠੜੀ ਕਰਨਗੇ। ਇਸ ਵਾਰ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਲੋਂ ਉੱਤਰਾਖੰਡ ਦੇ ਸਿੱਖ ਸ਼ਰਧਾਲੂਆਂ ਨੂੰ ਵੀ 26 ਵਿਚੋਂ 17 ਵੀਜ਼ੇ ਦਿੱਤੇ ਗਏ ਹਨ ਮਗਰ ਉਤਰਾਖੰਡ ਦੇ ਸ਼ਰਧਾਲੂਆਂ ਦੀ ਭਾਰਤੀ ਇਮੀਗ੍ਰੇਸ਼ਨ ਅਨੁਸਾਰ ਭਾਰਤੀ ਗ੍ਰਹਿ ਵਿਭਾਗ ਵਲੋਂ ਮਨਜ਼ੂਰੀ ਅਟਾਰੀ ਸਰਹੱਦ ‘ਤੇ ਨਹੀਂ ਪੁੱਜੀ।