ਬਾਸਮਤੀ ਚੌਲਾਂ ਦੀ ਮੰਗ ਮਜ਼ਬੂਤ, ਕੀਮਤਾਂ ਉੱਚੇ ਪੱਧਰ ’ਤੇ ਬਣੇ ਰਹਿਣ ਦੇ ਆਸਾਰ
ਅਜੀਤ ਡੈਸਕ
20-06-2026
ਬਾਜ਼ਾਰ ‘ਚ ਮਜ਼ਬੂਤ ਰੁਝਾਨ
ਮਾਰਕੀਟ ਸੂਤਰਾਂ ਮੁਤਾਬਕ, ਇਸ ਵਾਰ ਸੱਠੀ ਬਾਸਮਤੀ ਦੀ ਆਮਦ ਨਾਲ ਹੀ ਕੀਮਤਾਂ ਕਰੀਬ 4,000 ਰੁਪਏ ਪ੍ਰਤੀ ਕੁਇੰਟਲ ਤੱਕ ਬਣੀਆਂ ਹੋਈਆਂ ਹਨ। ਬਾਜ਼ਾਰ ਵਿਚ ਮੰਗ ਉੱਚੀ ਹੈ, ਜਦਕਿ ਸਟਾਕ ਸੀਮਿਤ ਹੋਣ ਕਾਰਨ ਕੀਮਤਾਂ ਨੂੰ ਵਾਧੂ ਸਹਾਰਾ ਮਿਲ ਰਿਹਾ ਹੈ। ਨਿਰਯਾਤ ਵਪਾਰੀਆਂ ਦਾ ਮੰਨਣਾ ਹੈ ਕਿ ਜੇ ਇਹੀ ਮੰਗ ਅਤੇ ਸਪਲਾਈ ਦੀ ਸਥਿਤੀ ਬਣੀ ਰਹੀ, ਤਾਂ ਆਉਣ ਵਾਲੇ ਮਹੀਨਿਆਂ ਵਿਚ ਵੀ ਕੀਮਤਾਂ ਮਜ਼ਬੂਤ ਰਹਿਣ ਦੀ ਸੰਭਾਵਨਾ ਹੈ।
ਨਿਰਯਾਤ ਅਤੇ ਅੰਤਰਰਾਸ਼ਟਰੀ ਕਾਰਕਾਂ ਦਾ ਪ੍ਰਭਾਵ
ਬਾਸਮਤੀ ਚੌਲਾਂ ਦੀ ਕੀਮਤਾਂ ‘ਤੇ ਵਿਦੇਸ਼ੀ ਮਾਰਕੀਟ ਦਾ ਵੱਡਾ ਅਸਰ ਰਹਿੰਦਾ ਹੈ। ਖਾਸ ਕਰਕੇ ਈਰਾਨ ਭਾਰਤੀ ਬਾਸਮਤੀ ਦਾ ਇਕ ਮਹੱਤਵਪੂਰਨ ਆਯਾਤਕ ਦੇਸ਼ ਹੈ। ਪਿਛਲੇ ਸਮੇਂ ਵਿਚ ਪਾਬੰਦੀਆਂ ਅਤੇ ਭੁਗਤਾਨੀ ਰੁਕਾਵਟਾਂ ਕਾਰਨ ਨਿਰਯਾਤ ਪ੍ਰਭਾਵਿਤ ਹੋਇਆ ਸੀ, ਜਿਸ ਨਾਲ ਸਟਾਕ ਅਤੇ ਨਕਦੀ ਪ੍ਰਵਾਹ ਦੋਵੇਂ ‘ਤੇ ਅਸਰ ਪਿਆ।ਜੇ ਅੰਤਰਰਾਸ਼ਟਰੀ ਰਾਜਨੀਤਿਕ ਅਤੇ ਵਪਾਰਕ ਹਾਲਾਤ ਸੁਧਰਦੇ ਹਨ, ਤਾਂ ਈਰਾਨ ਵੱਲ ਨਿਰਯਾਤ ਵਧ ਸਕਦਾ ਹੈ, ਜਿਸ ਨਾਲ ਭਾਰਤੀ ਬਾਸਮਤੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਅਮਰੀਕਾ ਅਤੇ ਈਰਾਨ ਨਾਲ ਜੁੜੀਆਂ ਕੂਟਨੀਤਿਕ ਤਬਦੀਲੀਆਂ ਦਾ ਅਸਰ ਭਾਰਤ ਦੇ ਤੇਲ ਆਯਾਤ ਅਤੇ ਖੇਤੀ ਨਿਰਯਾਤ ਦੋਵੇਂ ‘ਤੇ ਪੈ ਸਕਦਾ ਹੈ, ਜਿਸ ਨਾਲ ਕੁੱਲ ਆਰਥਿਕ ਗਤੀਵਿਧੀ ਪ੍ਰਭਾਵਿਤ ਹੋ ਸਕਦੀ ਹੈ।
ਮੌਸਮ ਅਤੇ ਉਤਪਾਦਨ ਦਾ ਜੋਖਮ
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਅਲ ਨੀਨੋ ਵਰਗੀਆਂ ਮੌਸਮੀ ਸਥਿਤੀਆਂ ਕਾਰਨ ਕੁਝ ਖੇਤਰਾਂ ਵਿਚ ਝੋਨੇ ਦੀ ਪੈਦਾਵਾਰ ਘਟਣ ਦਾ ਖਤਰਾ ਹੈ। ਜੇ ਉਤਪਾਦਨ ਘੱਟ ਰਹਿੰਦਾ ਹੈ, ਤਾਂ ਬਾਜ਼ਾਰ ਵਿਚ ਸਪਲਾਈ ਹੋਰ ਤੰਗ ਹੋ ਸਕਦੀ ਹੈ, ਜਿਸ ਨਾਲ ਕੀਮਤਾਂ ਨੂੰ ਵਾਧੂ ਸਹਾਰਾ ਮਿਲੇਗਾ।
ਕਿਸਾਨਾਂ ਲਈ ਸੰਕੇਤ
ਵਰਤਮਾਨ ਹਾਲਾਤਾ ਨੂੰ ਦੇਖਦਿਆਂ ਬਾਸਮਤੀ ਦੀ ਖੇਤੀ ਪਰੰਪਰਾਗਤ ਪਰਮਲ ਝੋਨੇ ਦੇ ਮੁਕਾਬਲੇ ਵਧੇਰੇ ਲਾਭਦਾਇਕ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਵਿਚ ਬਾਜ਼ਾਰ ਜੋਖਮ ਵੀ ਵੱਧ ਹੈ ਕਿਉਂਕਿ ਕੀਮਤਾਂ ਵੱਡੇ ਪੱਧਰ ‘ਤੇ ਅੰਤਰਰਾਸ਼ਟਰੀ ਮੰਗ ਅਤੇ ਨੀਤੀਆਂ ‘ਤੇ ਨਿਰਭਰ ਕਰਦੀਆਂ ਹਨ। ਵਪਾਰੀਆਂ ਅਨੁਸਾਰ, ਜੇ ਆਉਣ ਵਾਲੇ ਹਫਤਿਆਂ ਵਿਚ ਮੰਗ ਇਸੇ ਤਰ੍ਹਾਂ ਬਣੀ ਰਹੀ ਅਤੇ ਸਪਲਾਈ ਸੀਮਿਤ ਰਹੀ, ਤਾਂ ਬਾਸਮਤੀ ਦੇ ਭਾਅ ਹੋਰ ਵੀ ਮਜ਼ਬੂਤ ਹੋ ਸਕਦੇ ਹਨ। ਪਰ ਇਹ ਪੂਰੀ ਤਰ੍ਹਾਂ ਵਿਸ਼ਵ ਮੰਗ, ਨਿਰਯਾਤ ਨੀਤੀਆਂ ਅਤੇ ਮੌਸਮੀ ਹਾਲਾਤ ‘ਤੇ ਨਿਰਭਰ ਕਰਦਾ ਹੈ। ਕਿਸਾਨਾਂ ਦੀ ਜ਼ੋਰਦਾਰ ਮੰਗ ਹੈ ਕਿ ਬਾਸਮਤੀ ਝੋਨੇ ‘ਤੇ ਐਮ.ਐਸ.ਪੀ. ਦਿੱਤੀ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਵੱਡੇ ਬਾਜ਼ਾਰੀ ਜੋਖ਼ਮ ਤੋਂ ਬਾਸਮਤੀ ਦੀ ਖੇਤੀ ਕਰ ਸਕਣ।