ਲਹਿਰਾ ਮੁਹੱਬਤ (ਬਠਿੰਡਾ), 19 ਜੂਨ (ਸੁਖਪਾਲ ਸਿੰਘ ਸੁੱਖੀ)- ਸੂਬੇ ਦੇ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਪਾਵਰਕਾਮ ਨੂੰ ਹੁਣ ਦਿਖਾਈ ਲੱਗਾ ਹੈ, ਜਿਸ ਕਾਰਨ ਸਰਕਾਰੀ ਖੇਤਰ ਤਾਪ ਘਰ ਲਹਿਰਾ ਮੁਹੱਬਤ ਦੇ 3, ਰੋਪੜ ਦਾ 1 ਤੇ ਗੋਇੰਦਵਾਲ ਦੇ 1 ਯੂਨਿਟ ਸਮੇਤ 5 ਦਾ ਬਿਜਲੀ ਉਤਪਾਦਨ ਠੱਪ ਹੋਣ ਨਾਲ ਅਣ-ਐਲਾਨੇ ਬਿਜਲੀ ਕੱਟ ਲੱਗ ਸਕਦੇ ਹਨ। ਜਿਸ ਕਰਕੇ 15782 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦਾ ਪਾਵਰਕਾਮ ਕੇਂਦਰੀ ਪੂਲ ਤੋਂ ਉਤਰੀ ਭਾਰਤ ਚੋਂ ਸਭ ਤੋਂ ਵੱਧ ਮਹਿੰਗੀ ਬਿਜਲੀ ਖ਼ਰੀਦਣ ਲਈ ਮਜਬੂਰ ਹੋਣਾ ਪਿਆ ਹੈ। ਭਾਵੇਂ ਠੇਕੇਦਾਰਾਂ ਨੂੰ ਮੈਨੇਜਮੈਂਟ ਨੇ ਬਿਜਲੀ ਉਤਪਾਦਨ ਚਾਲੂ ਰੱਖਣ ਲਈ ਬਦਲਵੇਂ ਪ੍ਰਬੰਧ ਕਰਨ ਦੇ ਪੱਤਰ ਜਾਰੀ ਕੀਤੇ ਹਨ, ਪਰ ਅਣਸਿੱਖਿਅਤ ਕਾਮੇ ਮਸ਼ੀਨਰੀ ਨੂੰ ਕਦੇ ਚਲਾ ਨਹੀਂ ਸਕਦੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਾਵਰ ਮੈਨੇਜਮੈਂਟ ਦੇ ਹੁਣ ਹੱਥ ਖੜੇ ਹੋ ਚੁੱਕੇ ਹਨ ਕਿ ਠੇਕਾ ਕਾਮਿਆਂ ਤੋਂ ਬਗੈਰ ਬਿਜਲੀ ਉਤਪਾਦਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਪਿਛਲੇ 16 ਜੂਨ ਤੋਂ ਲਗਾਤਾਰ ਤਾਪ ਘਰਾਂ ਦੇ ਯੂਨਿਟਾਂ ਨੂੰ ਬਿਨਾਂ ਮੈਨਟੀਨੈਸ ਦੇ ਧੱਕੇ ਨਾਲ ਚਲਾਇਆ ਜਾ ਰਿਹਾ ਸੀ।