ਅੰਮ੍ਰਿਤਸਰ, 25 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਪੁਲਿਸ ਨੇ ਖ਼ੈਬਰ ਪਖਤੂਨਖਵਾ ਸੂਬੇ ‘ਚ ਪਿਛਲੇ 12 ਸਾਲਾਂ ਤੋਂ ਆਪਣੀ ਫਰਾਂਸੀਸੀ ਪਤਨੀ ਅਤੇ ਪੰਜ ਬੱਚਿਆਂ ਨੂੰ ਆਪਣੇ ਘਰ ‘ਚ ਬੰਦੀ ਬਣਾ ਕੇ ਰੱਖਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਵਕਾਰ ਅਹਿਮਦ ਨੇ ਕਿਹਾ ਕਿ 54 ਸਾਲਾ ਸਿਲਵੀ ਯਾਸਮੀਨਾ ਨੂੰ ਅਫ਼ਗਾਨ ਸਰਹੱਦ ਨੇੜੇ ਕਸਬੇ ਬਾੜਾ ‘ਚ ਇਕ ਮਿੱਟੀ ਦੇ ਕੱਚੇ ਘਰ ‘ਚ ਰੱਖਿਆ ਗਿਆ ਸੀ। ਪੁਲਿਸ ਨੂੰ ਇਸ ਘਟਨਾ ਬਾਰੇ ਸਿਲਵੀ ਦੇ ਇਕ ਪੁੱਤਰ ਨੇ ਸੂਚਿਤ ਕੀਤਾ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਛੁਪਣਗਾਹ ‘ਤੇ ਛਾਪਾ ਮਾਰਿਆ ਅਤੇ ਸਿਲਵੀ ਤੇ ਪੰਜ ਬੱਚਿਆਂ ਨੂੰ ਆਜ਼ਾਦ ਕਰਵਾ ਲਿਆ। ਪੁਲਿਸ ਅਨੁਸਾਰ ਬਚਾਏ ਗਏ ਸਾਰੇ ਲੋਕਾਂ ਨੂੰ ਸੱਟਾਂ ਲੱਗੀਆਂ ਹੋਈਆਂ ਸਨ। ਸਿਲਵੀ ਨੇ ਕਿਹਾ ਕਿ ਉਸ ਦਾ ਪਤੀ ਪੂਰੇ ਪਰਿਵਾਰ ‘ਤੇ ਰੋਜ਼ਾਨਾ ਹਮਲਾ ਕਰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਸਿਲਵੀ ਆਪਣੇ ਪਾਕਿਸਤਾਨੀ ਪਤੀ ਨੂੰ ਆਸਟ੍ਰੇਲੀਆ ‘ਚ ਮਿਲੀ ਸੀ, ਜਿੱਥੇ ਉਹ ਉਸ ਸਮੇਂ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਇਸ ਜੋੜੇ ਨੇ ਸਾਲ 2003 ‘ਚ ਵਿਆਹ ਕੀਤਾ ਸੀ। ਬਚਾਅ ਤੋਂ ਬਾਅਦ ਫਰਾਂਸੀਸੀ ਔਰਤ ਅਤੇ ਉਸ ਦੇ ਪੰਜ ਬੱਚਿਆਂ ਨੂੰ ਪਿਸ਼ਾਵਰ ‘ਚ ਇਕ ਸ਼ੈਲਟਰ ਹੋਮ ‘ਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪਰਿਵਾਰ ਨੂੰ ਫਰਾਂਸ ਵਾਪਸ ਭੇਜ ਦਿੱਤਾ ਜਾਵੇਗਾ।
ਪਾਕਿ ਵਿਅਕਤੀ ਨੇ ਫਰਾਂਸੀਸੀ ਪਤਨੀ ਤੇ ਪੰਜ ਬੱਚਿਆਂ ਨੂੰ 12 ਸਾਲਾਂ ਤੱਕ ਘਰ ’ਚ ਬੰਦੀ ਬਣਾ ਕੇ ਰੱਖਿਆ- ਦੋਸ਼ੀ ਗ੍ਰਿਫ਼ਤਾਰ
ਅਜੀਤ ਡੈਸਕ
26-06-2026