ਚੰਡੀਗੜ੍ਹ, 26 ਜੂਨ (ਅਜੀਤ ਬਿਊਰੋ)- ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬੀਜਾਈ (ਡੀਐਸਆਰ) ਅਧੀਨ ਰਕਬੇ ਵਿਚ 16 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜੋ ਪੰਜਾਬ ਸਰਕਾਰ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਮੁਹਿੰਮ ਨੂੰ ਕਿਸਾਨਾਂ ਵਲੋਂ ਮਿਲ ਰਹੇ ਵੱਡੇ ਹੁਲਾਰੇ ਨੂੰ ਦਰਸਾਉਂਦਾ ਹੈ। ਦੱਸਣਯੋਗ ਹੈ ਕਿ ਪਾਣੀ ਦੀ ਬਚਤ ਵਾਲੀ ਇਸ ਤਕਨੀਕ ਤਹਿਤ ਹੁਣ ਤੱਕ 26,896 ਕਿਸਾਨਾਂ ਨੇ 3.41 ਲੱਖ ਏਕੜ ਰਕਬਾ ਲਿਆਂਦਾ ਹੈ। ਪਿਛਲੇ ਸਾਲ ਦੀ ਦਰ ਨੂੰ ਬਰਕਰਾਰ ਰੱਖਦਿਆਂ, ਜਦੋਂ 25,853 ਕਿਸਾਨਾਂ ਨੇ 2.93 ਲੱਖ ਏਕੜ ਰਕਬੇ ਵਿਚ ਡੀ.ਐੱਸ.ਆਰ. ਵਿਧੀ ਅਪਣਾਈ ਸੀ, ਪੰਜਾਬ ਸਰਕਾਰ ਨੇ ਇਸ ਵਿੱਤੀ ਵਰ੍ਹੇ ਲਈ ਮਾਲੀ ਸਹਾਇਤਾ ਵਧਾ ਕੇ 40 ਕਰੋੜ ਰੁਪਏ ਕਰ ਦਿੱਤੀ ਹੈ, ਜੋ ਕਿ 2025 ਵਿਚ ਵੰਡੀ ਗਈ 35.16 ਕਰੋੜ ਰੁਪਏ ਦੀ ਲਾਭ ਰਾਸ਼ੀ ਤੋਂ ਵੱਧ ਹੈ। ਖੁੱਡੀਆਂ ਨੇ ਦੱਸਿਆ ਕਿ ਹਰੇਕ ਰਜਿਸਟਰਡ ਕਿਸਾਨ ਨੂੰ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਰਾਹੀਂ 1,500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਕਿਸਾਨ ਡੀ.ਐੱਸ.ਆਰ. ਸਕੀਮ ਲਈ 30 ਜੂਨ, 2025 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।