ਐੱਸ. ਏ. ਐੱਸ. ਨਗਰ, 26 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਸੀ. ਪੀ. 67 ਮਾਲ ਦੇ ਪੀ. ਵੀ. ਆਰ. ਵਿਖੇ ਅੱਜ 26 ਜੂਨ ਨੂੰ ਰਿਲੀਜ਼ ਹੋਈ ਹੰਬਲ ਮੋਸ਼ਨ ਪਿਕਚਰਜ਼ ਦੀ ਸੁਪਰਹਿੱਟ ਕਾਮੇਡੀ ਫਰੈਚਆਈਜ਼ੀ ਫ਼ਿਲਮ ‘ਕੈਰੀ ਆਨ ਜੱਟਾ-4’ ਦੇ ਪ੍ਰੀਮੀਅਰ ਸ਼ੋਅ ‘ਚ ਜਿਥੇ ਵੱਡੀ ਗਿਣਤੀ ‘ਚ ਪਹੁੰਚੇ ਦਰਸ਼ਕਾਂ ਨੇ ਫ਼ਿਲਮ ਦੀ ਰੱਜ ਕੇ ਪ੍ਰਸ਼ੰਸਾ ਕੀਤੀ, ਉਥੇ ਹੀ ਇਸ ਸ਼ੋਅ ਮੌਕੇ ਫ਼ਿਲਮ ਦੀ ਸਟਾਰ ਕਾਸਟ ਨੇ ਖ਼ੂਬ ਰੌਣਕਾਂ ਲਗਾਈਆਂ। ਇਸ ਮੌਕੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਕੈਰੀ ਆਨ ਜੱਟਾ’ ਪ੍ਰਾਜੈਕਟ ਨੂੰ ਪੰਜਾਬੀ ਵਿਰਾਸਤ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ‘ਕੈਰੀ ਆਨ ਜੱਟਾ-1, 2 ਤੇ 3’ ਫ਼ਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਇਕ ਨਵੀਂ ਦਿਸ਼ਾ ਤੇ ਦਸ਼ਾ ਦਿੱਤੀ ਸੀ ਤੇ ਇਸ ਵਿਰਾਸਤ ਨੂੰ ਅੱਗੇ ਲਿਜਾਉਣਾ ਸੌਖਾ ਕੰਮ ਨਹੀਂ ਸੀ, ਪਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਸੋਚ ‘ਤੇ ਫ਼ਿਲਮ ਡਾਇਰੈਕਟਰ ਸਮੀਪ ਕੰਗ ਵਲੋਂ ‘ਕੈਰੀ ਆਨ ਜੱਟਾ-4’ ਦੇ ਰੂਪ ‘ਚ ਬਿਹਤਰੀਨ ਸ਼ਾਹਕਾਰ ਤਿਆਰ ਕੀਤਾ ਗਿਆ ਹੈ। ਹਾਸਰਸ ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਇਹ ਫ਼ਿਲਮ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੇ ਅਸ਼ੀਰਵਾਦ ਤੋਂ ਬਿਨਾਂ ਬਣ ਹੀ ਨਹੀਂ ਸਕਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਦਾ ਪਹਿਲਾ ਭਾਗ ਆਇਆ ਸੀ ਤਾਂ ਇਸ ਨੇ ਸਾਰੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਦਿਵਾਈ ਸੀ। ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਕਿ ਉਸ ਦੀ ਪਿਛਲੇ ਲੰਬੇ ਸਮੇਂ ਤੋਂ ਇਸ ਪ੍ਰਾਜੈਕਟ ਨਾਲ ਜੁੜਨ ਦੀ ਦਿਲੀ ਇੱਛਾ ਸੀ, ਜੋ ਕਿ ਇਸ ਫ਼ਿਲਮ ਵਿਚ ਕੰਮ ਕਰਕੇ ਪੂਰੀ ਹੋਈ ਹੈ। ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਤੇ ਪਤਨੀ ਪਰਮਦੀਪ ਭੱਲਾ ਨੇ ਕਿਹਾ ਕਿ ਉਹ ਫ਼ਿਲਮ ਦੀ ਪੂਰੀ ਟੀਮ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਜਸਵਿੰਦਰ ਭੱਲਾ ਦੀ ਯਾਦ ਨੂੰ ਤਾਜਾ ਰੱਖਿਆ। ਇਸੇ ਦੌਰਾਨ ਪ੍ਰਸਿੱਧ ਗਾਇਕ, ਅਦਾਕਾਰ ਤੇ ਨਿਰਮਾਤਾ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦਰਸ਼ਕਾਂ ਨੂੰ ਇਹ ਫ਼ਿਲਮ ਪਰਿਵਾਰਾਂ ਸਮੇਤ ਸਿਨੇਮਾਘਰਾਂ ਵਿਚ ਜਾ ਕੇ ਦੇਖਣ ਦੀ ਅਪੀਲ ਕੀਤੀ।