ਫ਼ਤਹਿਗੜ੍ਹ ਸਾਹਿਬ, 27 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਦੇ ਉਪਰਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ ਵਲੋਂ ਸਾਬਤ ਸੂਰਤ ਸਿੱਖ ਸਿੱਖਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਮੁਫ਼ਤ ਕੋਚਿੰਗ ਪ੍ਰਦਾਨ ਕਰਨ ਹਿਤ 24 ਅਤੇ 25 ਜੂਨ ਨੂੰ ਇੰਟਰਵਿਊ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋਈ। ਇਸ ਇੰਟਰਵਿਊ ਲਈ ਲਿਖਤੀ ਪ੍ਰੀਖਿਆ ’ਚੋਂ ਮੈਰਿਟ ਹਾਸਲ ਕਰਕੇ 60 ਦੇ ਕਰੀਬ ਵਿਦਿਆਰਥੀ ਹਾਜ਼ਰ ਹੋਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਇੰਟਰਵਿਊ ਦੀ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਦਾ ਪਹਿਲਾਂ ਲੇਖ ਲਿਖਣ ਦਾ ਲਿਖਤੀ ਟੈੱਸਟ ਲੈਣ ਉਪਰੰਤ ਵਿਸ਼ਾ ਮਾਹਿਰਾਂ ਦੇ ਪੈਨਲ ਰਾਹੀਂ ਇੰਟਰਵਿਊ ਦੇ ਕੇ ਬੋਰਡ ਮੈਂਬਰਜ਼ ਡਾ. ਕਾਹਨ ਸਿੰਘ ਪੰਨੂੰ ਸਾਬਕਾ ਆਈ.ਏ.ਐੱਸ., ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਰਾਮ ਸਿੰਘ ਮੁੰਬਈ ਉਦਯੋਗਪਤੀ, ਲਛਮਣ ਸਿੰਘ ਮਲੂਕਾ, ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦੇ ਸਨਮੁੱਖ ਸ਼ਖ਼ਸੀਅਤ ਟੈਸਟ ਪਾਸ ਕੀਤਾ। ਇਸ ਦਾਖਲਾ ਪ੍ਰਕਿਰਿਆ ਦਾ ਨਤੀਜਾ ਲਿਖਤੀ ਟੈਸਟ ਤੇ ਦੋਵੇਂ ਪੈਨਲਾਂ ਦੇ ਨੰਬਰਾਂ ਦੇ ਜੋੜ ਦੇ ਆਧਾਰ ’ਤੇ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਵਲੋਂ ਇਹ ਉਪਰਾਲਾ ਸਿੱਖ ਨੌਜਵਾਨਾਂ ਨੂੰ ਉੱਚ ਸਿੱਖਿਆ ਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਕੀਤਾ ਗਿਆ ਹੈ ਤਾਂ ਜੋ ਸਿੱਖ ਵਿਦਿਆਰਥੀ ਮਿਆਰੀ ਅਤੇ ਗੁਣਵੱਤਾ ਪੂਰਨ ਸਿੱਖਿਆ ਪ੍ਰਾਪਤ ਕਰਕੇ ਸਿਵਲ ਸੇਵਾਵਾਂ ਵਿਚ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣ। ਸ਼੍ਰੋਮਣੀ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇ ਨਾਲ ਰਿਹਾਇਸ਼ ਅਤੇ ਭੋਜਨ ਦੀਆਂ ਸਾਰੀਆਂ ਸੁਵਿਧਾਵਾਂ ਵੀ ਬਗੈਰ ਕਿਸੇ ਅਦਾਇਗੀ ਤੋਂ ਉਪਲਬਧ ਕਰਵਾਈਆਂ ਜਾਣਗੀਆਂ । ਪ੍ਰੀਖਿਆ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਹੋਈ ਗੱਲਬਾਤ ਵਿਚ ਉਨ੍ਹਾਂ ਵਲੋਂ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ । ਮਾਪਿਆਂ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਮੁਫ਼ਤ ਵਿਚ ਪ੍ਰਦਾਨ ਕੀਤੀ ਜਾ ਰਹੀ ਇਸ ਉੱਚ ਪੱਧਰੀ ਕੋਚਿੰਗ ਨੂੰ ਪ੍ਰਾਪਤ ਕਰਕੇ ਉਨ੍ਹਾਂ ਦੇ ਬੱਚੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ।