ਅੰਮ੍ਰਿਤਸਰ, 27 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜੀ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵਲੋਂ ਅੱਜ ਬਿਆਨ ਜਾਰੀ ਕਰਕੇ ਕਰਕੇ ਬਲੋਚਿਸਤਾਨ ’ਚ ਸੁਰੱਖਿਆ ਬਲਾਂ ਦੁਆਰਾ ਇਕ ਸੰਭਾਵੀ ਆਤਮਘਾਤੀ ਹਮਲਾਵਰ ਸਮੇਤ 8 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ। ਪਾਕਿ ਨੇ ਮਾਰੇ ਗਏ ਅੱਤਵਾਦੀਆਂ ’ਤੇ ਭਾਰਤ ਨਾਲ ਸੰਬੰਧਿਤ ਹੋਣ ਦਾ ਦੋਸ਼ ਲਗਾਇਆ ਹੈ। ਦਰਅਸਲ, ਪਾਕਿ ਸਰਕਾਰ ਅਤੇ ਉੱਥੋਂ ਦੀ ਫ਼ੌਜ ਵਲੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਬਲੋਚ ਲਿਬਰੇਸ਼ਨ ਆਰਮੀ ਸਮੇਤ ਹੋਰ ਅੱਤਵਾਦੀ ਸਮੂਹਾਂ ਨੂੰ ਫਿਤਨਾ-ਅਲ-ਹਿੰਦੁਸਤਾਨ ਨਾਂ ਨਾਲ ਸੰਬੋਧਿਤ ਕੀਤਾ ਜਾ ਰਿਹਾ ਹੈ । ਆਈ. ਐੱਸ. ਪੀ. ਆਰ. ਅਨੁਸਾਰ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਖਾਰਨ ਅਤੇ ਮਸਤੁੰਗ ਜ਼ਿਲ੍ਹਿਆਂ ’ਚ ਦੋ ਹਾਈ-ਟੈਂਪੋ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਕੀਤੇ, ਜਿਨ੍ਹਾਂ ਦੇ ਚੱਲਦਿਆਂ ਖਾਰਨ ‘ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਜਦਕਿ ਮਸਤੁੰਗ ‘ਚ ਇਕ ਸੰਭਾਵਿਤ ਆਤਮਘਾਤੀ ਹਮਲਾਵਰ ਸਮੇਤ 5 ਅੱਤਵਾਦੀ ਮਾਰੇ ਗਏ।