ਸੰਗਰੂਰ, 27 ਜੂਨ (ਸੁਖਵਿੰਦਰ ਸਿੰਘ ਫੁੱਲ) – ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸਨਸਨੀਖ਼ੇਜ਼ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਗੁੱਟ ਭਾਸ਼ਾ ਵਿਭਾਗ ਪੰਜਾਬ ਦਾ ਭੋਗ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਪੇਂਟਿੰਗ ਤੇ ਸਟੇਸ਼ਨਰੀ ਵਿਭਾਗ ਕੋਲ ਆਪਣੀ ਛਪਾਈ ਦੀ ਉਡੀਕ ਕਰਦੀਆਂ ਵਿਭਾਗ ਦੀਆਂ 70 ਦੇ ਕਰੀਬ ਕਿਤਾਬਾਂ ਦੇ ਪ੍ਰਕਾਸ਼ਨ ਲਈ ਕੋਈ ਬਜਟ ਨਹੀਂ ਦਿੱਤਾ ਗਿਆ । ਪਿਛਲੇ ਤਿੰਨ ਮਹੀਨਿਆਂ ਦੌਰਾਨ ਕਰਵਾਏ 5-6 ਸਮਾਗਮਾਂ ਦੀਆਂ ਅਦਾਇਗੀਆਂ ਉੱਤੇ ਰੋਕ ਲਗਾ ਦਿੱਤੀ ਗਈ ਹੈ। ਸੇਵਾਦਾਰਾਂ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਖ਼ਾਲੀ 70 ਦੇ ਕਰੀਬ ਅਸਾਮੀਆਂ ਵਿਰੁੱਧ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ 1 ਅਪ੍ਰੈਲ ਤੋਂ ਬਾਅਦ ਕੰਮ ਕਰਦੇ ਰਹਿਣ ਦੀ ਪ੍ਰਵਾਨੀ ਨਹੀਂ ਦਿੱਤੀ ਗਈ। ਵਿਭਾਗ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਲਈ ਸਪਸ਼ਟ ਇਨਕਾਰ ਕਰ ਦਿੱਤਾ ਗਿਆ ਹੈ। ਜ਼ਫ਼ਰ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਪਿਛਲੇ ਕੁਝ ਸਮੇਂ ਤੋਂ ਅਸਰਦਾਰੀ ਨਾਲ ਸਰਗਰਮ ਹੋਣਾ ਕੁਝ ਉੱਚ ਅਧਿਕਾਰੀਆਂ ਨੂੰ ਚੁਭਦਾ ਹੈ। ਪਿਛਲੇ ਸਮਾਗਮਾਂ ਦੀ ਅਦਾਇਗੀ ਰੋਕੀ ਹੋਣ ਦੇ ਬਾਵਜੂਦ ਵਿਭਾਗ ਦੀ ਟੀਮ ਅਗਲੇ ਪ੍ਰੋਗਰਾਮ ਉਤਸ਼ਾਹ ਨਾਲ ਉਲੀਕ ਰਹੀ ਹੈ।