ਉੱਤਰੀ ਭਾਰਤ ਦੇ 9 ਸੂਬਿਆਂ ’ਚੋਂ 11154.17 ਮੈਗਾਵਾਟ ਬਿਜਲੀ ਦੀ ਬਾਹਰੋਂ ਖ਼ਰੀਦ ਪੱਖੋਂ ਪੰਜਾਬ ਦੂਜੇ ਸਥਾਨ ’ਤੇ
ਲਹਿਰਾ ਮੁਹੱਬਤ, 28 ਜੂਨ (ਸੁਖਪਾਲ ਸਿੰਘ ਸੁੱਖੀ)-ਉੱਤਰੀ ਭਾਰਤ ਦੇ ਦਿੱਲੀ ਤੇ ਚੰਡੀਗੜ੍ਹ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ 7 ਸੂਬਿਆਂ ’ਚੋਂ ਬਿਜਲੀ ਦੀ ਮੰਗ ਪੱਖੋਂ ਉਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ 11154.17 ਮੈਗਾਵਾਟ ਬਾਹਰੋਂ ਬਿਜਲੀ ਖ਼ਰੀਦ ਕਰਨ ਵਿਚ ਪੰਜਾਬ ਦੂਜੇ ਸਥਾਨ ’ਤੇ ਰਿਹਾ ਹੈ। ਸੂਬੇ ਦੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮ ਠੇਕਾ ਪ੍ਰਣਾਲੀ ਬੰਦ ਕਰਕੇ ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈਕੇ ਜਿੱਥੇ 13 ਦਿਨਾਂ ਤੋਂ ਹੜਤਾਲ ’ਤੇ ਹਨ, ਉੱਥੇ ਹੀ ਅੱਜ ਸੂਬੇ ਵਿਚ ਬਿਜਲੀ ਦੀ ਮੰਗ ਦਾ ਰਿਕਾਰਡ ਤੋੜ ਵਾਧਾ 16844.15 ਮੈਗਾਵਾਟ ਤੱਕ ਪੁੱਜਣ ਕਾਰਨ ਪਾਵਰਕਾਮ ਬੇਹਾਲ ਹੋਇਆ । ਅੱਜ ਅੱਤ ਦੀ ਹੁੰਮਸ ਭਰੀ ਗਰਮੀ ’ਚ ਲਗਭਗ 43 ਡਿਗਰੀ ਤਾਪਮਾਨ ਕਾਰਨ ਤੇ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੋਣ ਕਰਕੇ 8 ਘੰਟੇ ਬਿਜਲੀ ਸਪਲਾਈ ਦੀ ਕਿੱਲਤ ਨੂੰ ਲੈ ਕੇ ਅਣ-ਐਲਾਨੇ ਕੱਟਾਂ ਤੋਂ ਦੁਖੀ ਕਿਸਾਨਾਂ ਵਲੋਂ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਸੜਕ ’ਤੇ ਆ ਕੇ ਤੇ ਟੋਲ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਚੇਤੇ ਰਹੇ ਕਿ ਬੀਤੇ ਸਾਲ 2025 ਵਿਚ ਜੂਨ ਮਹੀਨੇ ਦੇ ਪਹਿਲੇ ਦੌਰ ਵਿਚ ਬਿਜਲੀ ਦੀ ਮੰਗ 16836 ਮੈਗਾਵਾਟ ਸੀ, ਪਰ ਅੱਜ ਦੇ ਵਾਧੇ ਨੇ ਪਿਛਲੇ ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ, ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਮਾਨਸੂਨ ਵੀ ਲੇਟ ਹੋਣ ਦੀ ਸੰਭਾਵਨਾ ਹੈ । ਪਾਵਰਕਾਮ ਵਲੋਂ ਸੂਬੇ ਦੇ ਕਿਸਾਨਾਂ ਲਈ ਖੇਤੀ ਮੋਟਰਾਂ ਨੂੰ ਚਲਾਉਣ ਲਈ ਬਿਜਲੀ ਦਾ ਪ੍ਰਬੰਧ ਕਰਨਾ ਲਾਜ਼ਮੀ ਬਣ ਗਿਆ ਹੈ । ਬੀਤੇ ਦਿਨ 16604 ਮੈਗਾਵਾਟ ਸੀ, ਪਰ ਅੱਜ ਪਾਵਰਕਾਮ ਦੇ ਆਪਣੇ ਸਰਕਾਰੀ ਤਾਪ ਘਰਾਂ ਦੇ 10 ’ਚੋਂ 9 ਯੂਨਿਟਾਂ ਤੋਂ 2300 ’ਚੋਂ 1502 ਮੈਗਾਵਾਟ ਪੈਦਾਵਾਰ ਸੀ । ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਮੁਹੱਬਤ ਦਾ ਇੱਕ ਯੂਨਿਟ 250 ਮੈਗਾਵਾਟ ਪੈਦਾਵਾਰ ਹਾਲੇ ਵੀ ਬੰਦ ਪਿਆ ਤੇ ਬਾਕੀ ਚੱਲਦੇ ਯੂਨਿਟਾਂ ਦਾ ਉਤਪਾਦਨ ਵੀ ਅੱਧਾ ਹੈ ਤੇ ਸਮੇਤ ਦੋ ਨਿੱਜੀ ਪਾਵਰ ਪਲਾਂਟਾਂ ਦੇ ਪੰਜਾਬ ਦਾ ਆਪਣਾ ਕੁੱਲ ਬਿਜਲੀ ਉਤਪਾਦਨ ਲਗਭਗ 7158 ਮੈਗਾਵਾਟ ਹੈ, ਪਰ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਠੇਕਾ ਮੁਲਾਜ਼ਮਾਂ ਨਾਲ ਅੜੀਅਲ ਵਤੀਰੇ ਕਾਰਨ 5683 ਮੈਗਾਵਾਟ ਉਤਪਾਦਨ ਹੀ ਹੋ ਰਿਹਾ ਹੈ । ਜਾਣਕਾਰੀ ਅਨੁਸਾਰ ਅੱਜ ਪਾਵਰਕਾਮ ਨੂੰ ਕੇਂਦਰੀ ਪੂਲ ’ਚੋਂ 11154.17 ਮੈਗਾਵਾਟ ਬਿਜਲੀ ਪ੍ਰਾਪਤ ਕਰਨੀ ਪਈ। ਹੁਣ ਪਾਵਰਕਾਮ ਨੂੰ ਅਗਲੇ ਦਿਨਾਂ ਵਿਚ ਵੱਧ ਰਹੀ ਗਰਮੀ ਨਾਲ ਨਜਿੱਠਣਾ ਪਵੇਗਾ। ਰਾਤ ਸਮੇਂ ਕੇਂਦਰੀ ਪੂਲ ’ਚੋਂ ਕਰੀਬ 10 ਰੁਪਏ ਪ੍ਰਤੀ ਯੂਨਿਟ ਖ਼ਰੀਦ ਕਰਨੀ ਪੈ ਰਹੀ ਹੈ।
ਪਾਵਰਕਾਮ ਵਲੋਂ 4155 ਕਰੋੜ ਦੀ ਬਕਾਇਆ ਰਕਮ ਦਾ ਨਬੇੜਾ ਕਰਵਾਉਣ ਦੀ ਤਿਆਰੀ ਸ਼ੁਰੂ
ਜਲੰਧਰ, 28 ਜੂਨ (ਸ਼ਿਵ)- ਆਪਣੀ ਵਿੱਤੀ ਸਥਿਤੀ ਹੋਰ ਮਜ਼ਬੂਤ ਕਰਨ ਅਤੇ ਬਕਾਇਆ ਫਸੀ ਪਈ 4155 ਕਰੋੜ ਰੁਪਏ ਦੀ ਰਕਮ ਦਾ ਨਬੇੜਾ ਕਰਾਉਣ ਦੀ ਪਾਵਰਕਾਮ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਇਕ ਪਟੀਸ਼ਨ ਪਾ ਕੇ ਇਸ ਫਸੀ ਰਕਮ ਦਾ ਵਿਆਜ ਘਟਾ ਕੇ ਬਕਾਇਆ ਰਕਮ ਵਸੂਲਣ ਲਈ ਓ. ਟੀ. ਐਸ. ਸਕੀਮ ਜਾਰੀ ਕਰਵਾਉਣ ਲਈ ਪਹੁੰਚ ਕੀਤੀ ਹੈ। ਇਹ ਸੂਬੇ ਦੇ 19.33 ਲੱਖ ਬਿਜਲੀ ਬਕਾਇਆ ਦਰਾਂ ਲਈ ਵੱਡੀ ਰਾਹਤ ਦੀ ਖਬਰ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀ. ਐਸ. ਪੀ. ਸੀ. ਐਲ. ਨੇ 31 ਮਾਰਚ 2025 ਤੱਕ ਦੇ ਸਾਰੇ ਡਿਫਾਲਟਰ ਖਪਤਕਾਰਾਂ ਲਈ ‘ਵਨ ਟਾਈਮ ਸੈਟਲਮੈਂਟ’ (ਓ. ਟੀ. ਐਸ.) ਸਕੀਮ ਲਿਆਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਸਬੰਧੀ ਪੀ. ਐਸ. ਪੀ. ਸੀ. ਐਲ. ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ. ਐਸ. ਈ. ਆਰ. ਸੀ.) ਕੋਲ ਪਟੀਸ਼ਨ ਨੰ. 51/2026 ਦਾਇਰ ਕਰਕੇ ਮਨਜ਼ੂਰੀ ਮੰਗੀ ਹੈ। ਪੀ. ਐਸ. ਪੀ. ਸੀ. ਐਲ. ਮੁਤਾਬਿਕ 31 ਮਾਰਚ 2025 ਤੱਕ 19.33 ਲੱਖ ਖਪਤਕਾਰਾਂ ’ਤੇ ਕੁੱਲ 4,155.70 ਕਰੋੜ ਰੁਪਏ ਬਕਾਇਆ ਹੈ। ਜੇਕਰ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਇਹ ਪਿਛਲੇ ਕਈ ਸਾਲਾਂ ਦੀ ਸਭ ਤੋਂ ਵੱਡੀ ਰਾਹਤ ਸਕੀਮ ਹੋਵੇਗੀ। ਘਰੇਲੂ ਖਪਤਕਾਰਾਂ ਦਾ ਜਿੱਥੇ ਵਿਆਜ ਮੁਆਫ਼ ਹੋਵੇਗਾ, ਉੱਥੇ ਉਦਯੋਗਿਕ ਇਕਾਈਆਂ ਨੂੰ ਆਪਣੇ ਬੰਦ ਪਏ ਕੁਨੈਕਸ਼ਨ ਚਾਲੂ ਕਰਵਾਉਣ ਦਾ ਮੌਕਾ ਮਿਲੇਗਾ। ਇਸ ਨਾਲ ਸਭ ਤੋਂ ਵੱਡਾ ਫ਼ਾਇਦਾ ਪਾਵਰਕਾਮ ਨੂੰ ਹੋਵੇਗਾ । ਉਸ ਨੂੰ ਕਰੋੜਾਂ ਰੁਪਏ ਦੀ ਰਕਮ ਮਿਲ ਜਾਵੇਗੀ ਸਗੋਂ ਇਸ ਸਕੀਮ ਨਾਲ ਪੰਜਾਬ ਸਰਕਾਰ ਨੂੰ ਸਭ ਤੋਂ ਵੱਡਾ ਫ਼ਾਇਦਾ ਹੋਵੇਗਾ ਕਿਉਂਕਿ ਉਹ ਪਾਵਰਕਾਮ ਦੀ ਸਭ ਤੋਂ ਵੱਡੀ ਦੇਣਦਾਰ ਹੈ।
ਪਾਵਰਕਾਮ ਹੋਇਆ ਬੇਹਾਲ, ਸੂਬੇ ’ਚ ਬਿਜਲੀ ਦੀ ਮੰਗ 16844 ਮੈਗਾਵਾਟ ਤੋਂ ਟੱਪੀ
ਅਜੀਤ ਡੈਸਕ
29-06-2026