ਲੈਕਚਰਾਰਾਂ ਦੀ ਭਰਤੀ ’ਚ ਦਲਿਤਾਂ-ਪਛੜੇ ਵਰਗਾਂ ਦਾ ਰਾਖਵਾਂਕਰਨ ਖਤਮ ਕਰਨ ਦਾ ਲਗਾਇਆ ਦੋਸ਼
ਜਲੰਧਰ, 30 ਜੂਨ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਸਰਕਾਰ ’ਤੇ ਲੈਕਚਰਾਰਾਂ ਦੀ ਕੀਤੀ ਜਾ ਰਹੀ ਭਰਤੀ ’ਚ ਦਲਿਤਾਂ-ਪੱਛੜੇ ਵਰਗਾਂ ਦਾ ਰਾਖਵਾਂਕਰਨ ਖਤਮ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਦਲਿਤਾਂ-ਪੱਛੜੇ ਵਰਗਾਂ ਨਾਲ ਲਗਾਤਾਰ ਬੇਇਨਸਾਫੀ ਹੀ ਨਹੀਂ ਕੀਤੀ ਜਾ ਰਹੀ, ਬਲਕਿ ਉਨ੍ਹਾਂ ਦੇ ਸੰਵਿਧਾਨਕ ਹੱਕ ਵੀ ਖੋਹੇ ਜਾ ਰਹੇ ਹਨ। ਉਨ੍ਹਾਂ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਸਰਕਾਰ ਦੀਆਂ ਇਨ੍ਹਾਂ ਦਲਿਤ-ਪੱਛੜੇ ਵਰਗਾਂ ਵਿਰੋਧੀ ਨੀਤੀਆਂ ਦੇ ਖਿਲਾਫ 3 ਜੁਲਾਈ ਨੂੰ ਰਾਜ ਭਰ ’ਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ-ਪ੍ਰਦਰਸ਼ਨ ਕਰਨ ਤੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਹੈ। ਇਸ ਮੌਕੇ ਡਾ. ਕਰੀਮਪੁਰੀ ਨੇ ਕਿਹਾ ਕਿ ਸਰਕਾਰ ਵਲੋਂ ਬੀਤੀ 25 ਜੂਨ, 2026 ਨੂੰ ਲੈਕਚਰਾਰਾਂ ਦੀਆਂ ਕੱਢੀਆਂ ਗਈਆਂ ਕਰੀਬ 1000 ਅਸਾਮੀਆਂ ਵਿਚ ਦਲਿਤ-ਪੱਛੜੇ ਵਰਗਾ ਲਈ ਰਾਖਵਾਂਕਰਨ ਖ਼ਤਮ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਦਲਿਤ ਪਛੜੇ ਵਰਗਾਂ ਦੇ ਸੰਵਿਧਾਨਕ ਹੱਕਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਮੌਕੇ ਡਾ. ਕਰੀਮਪੁਰੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੈਕਚਰਾਰਾਂ ਦੀ ਭਰਤੀ ’ਚ ਰਾਖਵਾਂਕਰਨ ਬਹਾਲ ਨਾ ਕੀਤਾ ਬਸਪਾ ਵੱਡੀ ਪੱਧਰ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ । ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਪ੍ਰਜਾਪਤ, ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ, ਜਸਵੰਤ ਰਾਏ, ਸਲਵਿੰਦਰ ਕੁਮਾਰ, ਐਡਵੋਕੇਟ ਪ੍ਰਿਤਪਾਲ, ਕੌਂਸਲਰ ਦਵਿੰਦਰ ਸੂਦ ਗੋਗਾ, ਵਿਜੈ ਯਾਦਵ, ਅਸ਼ੋਕ ਸਈਪੁਰ ਮੌਜੂਦ ਸਨ ।
ਬਸਪਾ 3 ਜੁਲਾਈ ਨੂੰ ਰਾਜ ਭਰ ’ਚ ਪੰਜਾਬ ਸਰਕਾਰ ਖਿਲਾਫ ਕਰੇਗੀ ਪ੍ਰਦਰਸ਼ਨ-ਕਰੀਮਪੁਰੀ
ਅਜੀਤ ਡੈਸਕ
01-07-2026