ਹਰੀਕੇ ਪੱਤਣ, 2 ਜੁਲਾਈ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਭਰਾਵਾਂ ਵਲੋਂ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਦੋਂਕਿ ਉਸ ਦੇ ਛੋਟੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ। ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਹਰੀਕੇ ਪੱਤਣ ਦੇ ਪੱਟੀ ਰੋਡ ’ਤੇ ਗੁਰੀ ਕੁਲੈਕਸਨ ਨਾਂਅ ’ਤੇ ਰੈਡੀਮੇਡ ਦੀ ਦੁਕਾਨ ਹੈ। ਮੇਰਾ ਲੜਕਾ ਅੰਗਦਜੋਤ ਸਿੰਘ ਜੋ ਕਿ ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਨਾਲ ਦੁਕਾਨ ’ਤੇ ਬੈਠਦਾ ਸੀ। ਮੇਰਾ ਛੋਟਾ ਲੜਕਾ ਗੁਰਲਾਲ ਸਿੰਘ ਦੁਕਾਨ ’ਤੇ ਸ਼ਾਮ 7 ਵਜੇ ਦੇ ਕਰੀਬ ਆਇਆ। ਇਸ ਦੌਰਾਨ ਮੇਰਾ ਵੱਡੇ ਲੜਕੇ ਅੰਗਦਜੋਤ ਸਿੰਘ ਨੇ ਮੈਨੂੰ ਕਿਹਾ ਕਿ ਅਸੀਂ ਬਾ਼ਜ਼ਾਰ ਵਿਚੋਂ ਪੈਸਿਆ ਦੀ ਉਗਰਾਹੀ ਕਰਕੇ ਲੈ ਆਈਏ । ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਉਗਰਾਹੀ ਕਰਨ ਤੋਂ ਬਾਅਦ ਨਾ ਆਏ ਤਾਂ ਮੈਂ 8 ਵਜੇ ਦੇ ਕਰੀਬ ਮਗਰ ਦੇਖਣ ਲਈ ਗਿਆ ਤਾਂ ਹਰੀਕੇ ਪੱਤਣ ਦੇ ਪੱਟੀ ਰੋਡ ਬਾਜ਼ਾਰ ਵਿਚ ਗੁਰਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ, ਸਰੂਪ ਸਿੰਘ ਪੁੱਤਰ ਜੱਸਾ ਸਿੰਘ, ਸਿਮਰਨਜੀਤ ਸਿੰਘ ਸਾਰੇ ਵਾਸੀ ਮਰਹਾਣਾ ਅਤੇ 2 ਹੋਰ ਅਣਪਛਾਤੇ ਵਿਅਕਤੀ ਮੇਰੇ ਦੋਵੇਂ ਲੜਕਿਆਂ ਦੀ ਕੁੱਟਮਾਰ ਕਰ ਰਹੇ ਸਨ। ਇਸ ਦੌਰਾਨ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਨੇ ਕਿਹਾ ਕਿ ਜਦ ਮੈਂ ਰੋਲਾ ਪਾਇਆ ਤਾਂ ਉਕਤ ਸਾਰੇ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ ਤੇ ਮੈਂ ਗੰਭੀਰ ਜ਼ਖ਼ਮੀ ਹੋਏ ਦੋਵਾਂ ਲੜਕਿਆਂ ਨੂੰ ਗੱਡੀ ਵਿਚ ਪਾ ਕੇ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ ਵਿਚ ਹੀ ਵੱਡੇ ਲੜਕੇ ਅੰਗਦਜੋਤ ਸਿੰਘ ਨੇ ਦਮ ਤੋੜ ਦਿੱਤਾ ।
ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੀ ਹੱਤਿਆ
ਅਜੀਤ ਡੈਸਕ
03-07-2026