ਅੰਮ੍ਰਿਤਸਰ, 2 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ‘ਚ ਇਕ ਹਫ਼ਤੇ ਦੌਰਾਨ ਦੂਜੀ ਵਾਰ ਕਿਸੇ ਸਕੂਲ ਦੀ ਛੱਤ ਡਿੱਗਣ ਨਾਲ ਬੱਚਿਆਂ ਦੇ ਜਾਨੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲੇ ਦੌਰਾਨ ਲਾਹੌਰ ਦੇ ਬਾਗਬਾਨਪੁਰਾ ਖੇਤਰ ‘ਚ ਸਮਰ ਕੈਂਪ ਦੌਰਾਨ ਇਕ ਸਕੂਲ ਦੀ ਇਮਾਰਤ ਦੀ ਛੱਤ ਡਿੱਗਣ ਨਾਲ ਇਕ ਬੱਚੇ ਦੀ ਮੌਤ ਹੋ ਗਈ, ਜਦੋਂਕਿ 4 ਹੋਰ ਲੋਕ ਜ਼ਖ਼ਮੀ ਹੋ ਗਏ। ਬਚਾਅ 1122 ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਕੂਲ ‘ਚ ਮੁਰੰਮਤ ਦੇ ਕੰਮ ਦੌਰਾਨ ਵਾਪਰੀ ਜਿਥੇ ਇਕ ਸਮਰ ਕੈਂਪ ਚੱਲ ਰਿਹਾ ਸੀ ਅਤੇ ਕਈ ਬੱਚੇ ਮੌਜੂਦ ਸਨ। ਛੱਤ ਦੇ ਢਹਿਣ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਕ ਗੰਭੀਰ ਜ਼ਖਮੀ ਬੱਚੇ ਦੀ ਬਾਅਦ ‘ਚ ਮੌਤ ਹੋ ਗਈ। ਉਸ ਦੀ ਪਛਾਣ 8 ਸਾਲਾ ਅਬੂ ਬਕਰ ਵਜੋਂ ਹੋਈ ਹੈ। ਜ਼ਖਮੀਆਂ ‘ਚ 35 ਸਾਲਾ ਖਿਜ਼ਰ, 38 ਸਾਲਾ ਸ਼ਕੀਲ, 32 ਸਾਲਾ ਅਬਦੁਲ ਲਤੀਫ਼ ਅਤੇ 42 ਸਾਲਾ ਨਜ਼ੀਰ ਵਜੋਂ ਪਛਾਣੇ ਗਏ ਕਰਮਚਾਰੀ ਸ਼ਾਮਿਲ ਹਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਲਾਹੌਰ ਦੇ ਕਾਹਨਾ ਖੇਤਰ ‘ਚ ਇਕ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।
ਲਾਹੌਰ ’ਚ ਇਕ ਹੋਰ ਸਕੂਲ ਦੀ ਛੱਤ ਡਿੱਗੀ-ਇਕ ਬੱਚੇ ਦੀ ਮੌਤ, 4 ਜ਼ਖ਼ਮੀ
ਅਜੀਤ ਡੈਸਕ
03-07-2026