ਸਰਹੱਦੀ ਪਿੰਡ ਜਾਹਮਨ ’ਚ ਮੌਜੂਦ ਹੈ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਯਾਦਗਾਰ
ਅੰਮ੍ਰਿਤਸਰ, 2 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਜਾਹਮਨ ਵਿਚਲੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਰੋੜੀ ਸਾਹਿਬ ਦੇ ਤਿੰਨ ਸਾਲ ਪਹਿਲਾਂ ਮੀਂਹਾਂ ਦੌਰਾਨ ਢਹਿ ਜਾਣ ਤੋਂ ਬਾਅਦ ਪਾਕਿ ਸਰਕਾਰ ਵਲੋਂ ਹੁਣ ਇਸ ਅਸਥਾਨ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਰੱਖ-ਰਖਾਅ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਦਾ ਗੁੰਬਦ ਅਤੇ ਇਮਾਰਤ ਦਾ ਵੱਡਾ ਹਿੱਸਾ 8 ਜੁਲਾਈ 2023 ਨੂੰ ਮੀਂਹਾਂ ਦੇ ਚਲਦਿਆਂ ਢਹਿ ਗਿਆ ਸੀ। ਇਸ ਮੁਕੱਦਸ ਯਾਦਗਾਰ ਦੇ ਬਾਕੀ ਬਚੇ ਹਿੱਸੇ ਦੀ ਪਾਕਿ ਗੁਰਦੁਆਰਾ ਕਮੇਟੀ ਜਾਂ ਸੰਬੰਧਿਤ ਵਿਭਾਗਾਂ ਵਲੋਂ ਸਾਰ ਨਾ ਲਏ ਜਾਣ ਕਰਕੇ ਇਸ ਦੇ ਬਚੇ ਰਹਿ ਗਏ ਹਿੱਸੇ ਦੇ ਵੀ ਢਹਿ ਜਾਣ ਦਾ ਖ਼ਤਰਾ ਬਣਿਆ ਹੋਇਆ ਸੀ।‘ਅਜੀਤ’ ਵਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਤੋਂ ਬਾਅਦ ਸ਼ੁਰੂਆਤੀ ਤੌਰ ‘ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨਵਉਸਾਰੀ ਸ਼ੁਰੂ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਜ਼ੀਰੋ ਲਾਈਨ ਤੋਂ ਸਿਰਫ਼ 1 ਕਿੱਲੋਮੀਟਰ ਦੂਰ ਲਾਹੌਰ ਦੀ ਬੇਦੀਆਂ ਰੋਡ ਦੇ ਆਖੀਰ ‘ਚ ਆਬਾਦ ਪਿੰਡ ਜਾਹਮਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਖ਼ੂਬਸੂਰਤ ਤੇ ਪਵਿੱਤਰ ਸਰੋਵਰ ਵੀ ਸੇਵਾ ਸੰਭਾਲ ਦੀ ਘਾਟ ਕਾਰਨ ਛੱਪੜ ‘ਚ ਤਬਦੀਲ ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਭਾਰਤੀ ਪਿੰਡ ਖਾਲੜਾ ਦੀ ਸਰਹੱਦ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਲਾਹੌਰ ‘ਚ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਚਰਨ ਪਾਏ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ 50 ਏਕੜ ਰਕਬਾ ਸੀ ਅਤੇ ਇਥੇ ਵਿਸਾਖੀ ਅਤੇ 20 ਜੇਠ ਨੂੰ ਵੱਡਾ ਮੇਲਾ ਲੱਗਦਾ ਸੀ।
ਪਾਕਿ ਨੇ ਤਿੰਨ ਸਾਲ ਪਹਿਲਾਂ ਢਹੇ ਗੁਰਦੁਆਰਾ ਰੋੜੀ ਸਾਹਿਬ ਦੀ ਸ਼ੁਰੂ ਕੀਤੀ ਨਵਉਸਾਰੀ
ਅਜੀਤ ਡੈਸਕ
03-07-2026