ਪਟਿਆਲਾ, 3 ਜੁਲਾਈ (ਮਨਦੀਪ ਸਿੰਘ ਖਰੌੜ)-ਰਾਜਪੁਰਾ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਦੋ ਸ਼ੂਟਰਾਂ ਨੂੰ ਪਟਿਆਲਾ ਪੁਲਿਸ ਵਲੋਂ ਕੱਲ੍ਹ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ ਉਪਰੰਤ ਪੁੱਛ-ਪੜਤਾਲ ਦੌਰਾਨ ਅਹਿਮ ਖ਼ੁਲਾਸੇ ਹੋਏ ਹਨ। ਪੁਲਿਸ ਵਲੋਂ ਇਸ ਮਾਮਲੇ ’ਚ ਮੁਲਜ਼ਮਾਂ ਨੂੰ ਸਕੂਟਰੀ ਅਤੇ ਪਿਸਤੌਲ ਮੁਹੱਈਆ ਕਰਵਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਹਾਲੇ ਤਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੁੱਪੀ ਨਹੀਂ ਤੋੜੀ। ਦੂਜੇ ਪਾਸੇ, ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਵਲੋਂ ਰਾਜਪੁਰਾ ਦੇ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਵਾਲੇ ਪਰਮਜੀਤ ਸਿੰਘ ਅਤੇ ਜਸਕਰਨ ਸਿੰਘ ਨੂੰ ਵਾਰਦਾਤ ਲਈ ਸਕੂਟਰੀ ਅਤੇ ਪਿਸਤੌਲ ਮੁਹੱਈਆ ਕਰਵਾਇਆ ਸੀ। ਇਨ੍ਹਾਂ ਦਾ ਨੈੱਟਵਰਕ ਇੰਨਾ ਮਜ਼ਬੂਤ ਸੀ ਕਿ ਦੋਵੇਂ ਮੁਲਜ਼ਮ ਇਕ ਦੂਜੇ ਨੂੰ ਨਹੀਂ ਜਾਣਦੇ ਸੀ। ਸਕੂਟਰੀ ਤੇ ਪਿਸਤੌਲ ਮੁਹੱਈਆ ਕਰਵਾਉਣ ਵਾਲੇ ਅਤੇ ਵਾਰਦਾਤ ਕਰਨ ਵਾਲੇ ਮੁਲਜ਼ਮ ਇਕ ਦੂਜੇ ਤੋਂ ਬਿਲਕੁਲ ਅਣਜਾਣ ਸਨ, ਜਿਸ ਤਹਿਤ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ ਨੌਜਵਾਨਾਂ ਨੇ ਸਕੂਟਰੀ ਇਕ ਥਾਂ ’ਤੇ ਖੜ੍ਹੀ ਕਰਕੇ ਮੁਲਜ਼ਮਾਂ ਨੂੰ ਲੋਕੇਸ਼ਨ ਭੇਜ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸ ਵਿਚ ਪਿਸਤੌਲ ਵੀ ਹੈ। ਬਾਅਦ ’ਚ ਸ਼ੂਟਰਾਂ ਵਲੋਂ ਸਕੂਟਰੀ ਤੇ ਪਿਸਤੌਲ ਚੁੱਕ ਕੇ ਰਾਜਪੁਰਾ ਦੇ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਗੋਲੀ ਚਲਾਈ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ’ਚ ਫੜੇ ਗਏ ਮੁਲਜ਼ਮ ਗੋਲਡੀ ਢਿੱਲੋਂ ਗਰੋਹ ਨੂੰ ਪੰਜਾਬ ’ਚ ਸ਼ੂਟਰ ਮੁਹੱਈਆ ਕਰਵਾਉਣ ਵਾਲੇ ਬੌਬੀ ਮਾਹੀ ਜਿਹੜਾ ਕਿ ਇਸ ਵੇਲੇ ਅਮਰੀਕਾ ’ਚ ਰਹਿੰਦਾ ਹੈ, ਉਸ ਨੇ ਆਪਣੇ ਨੈੱਟਵਰਕ ਰਾਹੀਂ ਪਟਿਆਲਾ ਜੇਲ੍ਹ ’ਚ ਬੰਦ ਇਕ ਬੰਦੀ ਨੂੰ ਰਾਜਪੁਰਾ ਦੇ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਲਈ ਸ਼ੂਟਰ ਮੁਹੱਈਆ ਕਰਵਾਉਣ ਲਈ ਕਿਹਾ ਸੀ। ਜੇਲ੍ਹ ’ਚ ਬੰਦ ਉਸ ਵਿਅਕਤੀ ਨੇ ਇਹ ਸ਼ੂਟਰ ਗੋਲਡੀ ਗਰੋਹ ਨੂੰ ਮੁਹੱਈਆ ਕਰਵਾਏ ਸਨ, ਜਿਹੜੇ ਕਿ ਕੱਲ੍ਹ ਦੁਬਾਰਾ ਤੋਂ ਰਾਜਪੁਰਾ ’ਚ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਹਮਲਾ ਕਰਨ ਜਾ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਇਸ ਸੰਬੰਧੀ ਜਦੋਂ ਐਸ.ਐਸ.ਪੀ. ਵਰੁਣ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਪੜਤਾਲ ਕਈ ਪੱਖਾਂ ਤੋਂ ਚੱਲ ਰਹੀ ਹੈ। ਇਸ ਮਾਮਲੇ ਸੰਬੰਧੀ ਉਹ ਹਾਲੇ ਕੁਝ ਵੀ ਨਹੀਂ ਦਸ ਸਕਦੇ। ਜਦੋਂ ਜੇਲ੍ਹ ਨਾਲ ਜੁੜੇ ਇਸ ਕੇਸ ਸੰਬੰਧੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨਾਲ ਗਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ।