ਸਰਕਾਰੀ ਤੇ ਨਿੱਜੀ ਬੱਸਾਂ ਰਾਹੀਂ ਬਿਨਾਂ ਬਿੱਲ ਦੇ ਸਾਮਾਨ ਇੱਧਰ-ਉੱਧਰ ਭੇਜ ਕੇ ਲਗਾਇਆ ਜਾ ਰਿਹਾ ਕਰੋੜਾਂ ਰੁਪਏ ਦਾ ਟੈਕਸਾਂ ਦਾ ਚੂਨਾ ਨਿੱਜੀ ਬੱਸਾਂ ਦੀਆਂ ਡਿੱਗੀਆਂ ਰਾਹੀਂ ਅਦਾਨ-ਪ੍ਰਦਾਨ ਹੋਣ ਵਾਲੇ ਬੰਦ ਪੈਕੇਟ ਵਿਚ ਗੈਰ-ਕਾਨੂੰਨੀ ਸਾਮਾਨ ਹੋਣ ਦਾ ਖ਼ਦਸ਼ਾ
ਅਜੀਤ ਡੈਸਕ
04-07-2026
ਬਠਿੰਡਾ, 3 ਜੁਲਾਈ- ਦੇਸ਼ ਭਰ ਦੀਆਂ ਸੜਕਾਂ ’ਤੇ ਦੌੜਨ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਰਾਹੀਂ ਬਿਨ੍ਹਾਂ ਬਿੱਲਾਂ ਤੋਂ ਸਾਮਾਨ ਇੱਧਰ-ਉੱਧਰ ਭੇਜ ਕੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਰੋਜ਼ਾਨਾ ਲੱਖਾਂ ਰੁਪਏ ਦੇ ਟੈਕਸਾਂ ਦਾ ਚੂਨਾ ਲਗਾਇਆ ਜਾ ਰਿਹਾ। ਦੇਸ਼ ਦੇ ਸਭ ਵੱਡੇ ਵਪਾਰ ਦੀ ਹੱਬ ਦਿੱਲੀ ਤੋਂ ਹਰਿਆਣਾ, ਪੰਜਾਬ, ਜੰਮੂ, ਰਾਜਸਥਾਨ, ਯੂ.ਪੀ., ਉੱਤਰਾਖੰਡ ਨੂੰ ਜਾਣ ਵਾਲੀਆਂ ਨਿੱਜੀ ਅਤੇ ਸਰਕਾਰੀ ਬੱਸਾਂ ਦੀਆਂ ਡਿੱਗੀਆਂ ਵਿਚ ਰੱਖਿਆ ਗਿਆ ਰੋਜ਼ਾਨਾ ਕਰੋੜਾਂ ਰੁਪਏ ਦੇ ਸਾਮਾਨ ਇਨ੍ਹਾਂ ਰਾਜ ਦੇ ਵੱਖ-ਵੱਖ ਮੁੱਖ ਸ਼ਹਿਰਾਂ ਤੱਕ ਪੁੱਜਦਾ ਕੀਤੇ ਜਾਣ ਦਾ ਖ਼ੁਲਾਸਾ ਹੋਇਆ ਹੈ। ਇਸ ਦੇ ਨਾਲ ਇਹ ਕੰਮ ਰਾਜਾਂ ਵਿਚ ਲੋਕਲ ਪੱਧਰ ‘ਤੇ ਚੱਲ ਰਿਹਾ ਹੈ। ਦੇਸ਼ ਦੇ ਇਨ੍ਹਾਂ ਰਾਜਾਂ ਵਿਚ ਨਿੱਜੀ ਅਤੇ ਸਰਕਾਰੀ ਬੱਸਾਂ ਦੇ ਡਰਾਈਵਰਾ-ਕੰਡਕਟਰਾ ਥੋੜੇ ਜਿਹੇ ਲਾਲਚ ਖ਼ਾਤਰ ਲੱਖਾਂ ਰੁਪਏ ਵੱਖ-ਵੱਖ ਤਰ੍ਹਾਂ ਦਾ ਸਾਮਾਨ ਇੱਧਰ-ਉੱਧਰ ਜ਼ੌਖ਼ਮ ਚੁੱਕ ਰਿਹੇ ਹਨ। ਸ਼ਾਤਰ ਦਿਮਾਗ਼ ਲੋਕਾਂ ਵਲੋਂ ਇਨ੍ਹਾਂ ਬੱਸਾਂ ਦੀਆਂ ਡਿੱਗੀਆਂ ਵਿਚ ਗ਼ੈਰ-ਕਾਨੂੰਨੀ ਸਾਮਾਨ ਭਰ ਕੇ ਇੱਧਰ-ਉੱਧਰ ਭੇਜੇ ਜਾਣ ਦਾ ਖ਼ਦਸ਼ਾ ਹੈ। ਪੰਜਾਬ ਵਿਚ ਲੰਘੇ ਸਾਲਾਂ ਵਿਚ ਕੁਝ ਗੈਰ-ਕਾਨੂੰਨੀ ਸਾਮਾਨ ਫੜੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਵਪਾਰੀ ਲੋਕਾਂ ਵਲੋਂ ਬਿਨ੍ਹਾਂ ਬਿੱਲ ਕੱਟੇ ਕਈ ਤਰ੍ਹਾਂ ਦਾ ਸਾਮਾਨ ਨਿੱਜੀ ਬੱਸਾਂ ਰਾਹੀਂ ਭੇਜ ਕੇ ਸਰਕਾਰੀ ਖ਼ਜ਼ਾਨੇ ‘ਚ ਲੱਖਾਂ ਰੁਪਏ ਦੀ ਜੀ.ਐਸ.ਟੀ. ਚੋਰੀ ਕੀਤੀ ਜਾ ਰਹੀ। ਦੂਜੇ ਪਾਸੇ, ਗੈਰ-ਕਾਨੂੰਨੀ ਧੰਦੇ ਕਰਨ ਵਾਲੇ ਲੋਕਾਂ ਇਸ ਕੜੀ ਵਿਚ ਕੰਮ ਕਰ ਰਹੀਆਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਗੈਰ-ਕਾਨੂੰਨੀ ਸਮੱਗਰੀ ਦੇ ਪੈਕੇਟ ਇੱਧਰ-ਉਧਰ ਭੇਜੇ ਜਾਣ ਦਾ ਖ਼ਦਸ਼ਾ ਹੈ। ਪੂਰੇ ਦੇਸ਼ ਵਿਚ ਚੱਲ ਰਹੀਆਂ ਸਵਾਰੀ ਬੱਸਾਂ ਰਾਹੀਂ ਸਾਮਾਨ ਭੇਜੇ ਜਾਣ ਦੇ ਗੋਰਖ-ਧੰਦੇ ਨੂੰ ਲੈ ਕੇ ਟਰਾਂਸਪੋਰਟ ਵਿਭਾਗ, ਟੈਕਸ ਵਿਭਾਗ ਅਤੇ ਪੁਲਿਸ ਪੂਰੀ ਤਰ੍ਹਾਂ ਬੇਖਬਰ ਹੈ। ਦੇਸ਼ ਦੀਆਂ ਸੜਕਾਂ ‘ਤੇ ਦੌੜਨ ਵਾਲੀਆਂ 20 ਫ਼ੀਸਦੀ ਮਿਆਦ ਪੁੱਗਣ ਵਾਲੀਆਂ ਬੱਸਾਂ ਦੀ ਜਾਅਲੀ ਰਜਿਸਟ੍ਰੇਸ਼ਨਾਂ ਪਾਸ ਕਰਵਾ ਕੇ ਅਤੇ ਨਕਾਰਾ ਹੋ ਚੁੱਕੀਆਂ ਇਨ੍ਹਾਂ ਬੱਸਾਂ ਨੂੰ ਲਿਸ਼ਕਾ ਪੁਸ਼ਕਾ ਕੇ ਚਲਾਇਆ ਜਾ ਰਿਹਾ ਹੈ। ਅਜਿਹੀਆਂ ਸੈਂਕੜੇ ਬੱਸਾਂ ਅੱਗ ਲੱਗਣ ਅਤੇ ਹੋਰ ਸੜਕੀ ਹਾਦਸਿਆਂ ਸਮੇਤ ਸੈਂਕੜੇ ਮਨੁੱਖੀ ਜਾਨਾਂ ਜਾਣ ਦੇ ਅਨੇਕਾਂ ਮਾਮਲੇ ਮੀਡੀਆ ਦੀਆਂ ਸੁਰਖ਼ੀਆਂ ਬਣ ਚੁੱਕੀਆਂ ਹਨ। ਸਾਲ 2019 ਤੋਂ ਸਾਲ 2023 ਤੱਕ ਦੇਸ਼ ਦੀਆਂ ਸੜਕਾਂ ‘ਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲੇ 18.14 ਕਰੋੜ ਲੋਕਾਂ ਦੇ ਚਲਾਨ ਕੱਟੇ ਗਏ ਹਨ। 126 ਕਰੋੜ 71 ਲੱਖ ਦਾ ਜੁਰਮਾਨਾ ਵਸੂਲੇ ਗਏ ਹਨ। 2024 ਦੌਰਾਨ ਵਾਪਰੇ ਸੜਕੀ ਹਾਦਸਿਆਂ ਵਿਚ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਮਾਮਲਿਆਂ ‘ਚ 8277 ਸੜਕੀ ਹਾਦਸਿਆਂ 3204 ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ 8046 ਲੋਕ ਜ਼ਖ਼ਮੀ ਹੋਏ ਹਨ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ਵਿਚ ਬੱਸ ਨੂੰ ਅੱਗ ਲੱਗਣ ਨਾਲ 8 ਲੋਕ ਜਿੰਦਾ ਸੜ ਗਏ ਸਨ। ਉਸ ਬੱਸ ਦੀ ਡਿੱਗੀ ਵਿਚ ਬਿਨ੍ਹਾਂ ਬਿੱਲ ਸਿਗਰਟਾਂ ਦੀ ਵੱਡੀ ਮਾਤਰਾ ਵਿਚ ਪੈਕੇਟ ਭਰੇ ਹੋਏ ਸਨ। ਜੋ ਬੱਸ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਬਣੇ। ਦੇਸ਼ ਦੀਆਂ ਸੜਕਾਂ ‘ਤੇ 20 ਫ਼ੀਸਦੀ ਮਿਆਦ ਪੁੱਗ ਚੁੱਕੇ ਵਾਹਨ ਦੇ ਸਾਲਾਨਾ ਹਜ਼ਾਰਾਂ ਲੋਕਾਂ ਦੀ ਮੌਤ ਹੋਣ ਦਾ ਕਾਰਨ ਬਣ ਰਹੇ ਹਨ। ਦੇਸ਼ ਵਿਚ ਬੇਈਮਾਨੀ ਰਿਸ਼ਵਤ ਖੋਰੀ ਦੇ ਬੋਲਬਾਲੇ ਨਾਲ ਸੰਬੰਧਿਤ ਵਿਭਾਗੀ ਅਧਿਕਾਰੀਆਂ ਦੀਆਂ ਅੱਖਾਂ ‘ਤੇ ਕਾਲੇ ਚਸ਼ਮੇ ਲਗਾ ਰੱਖੇ ਹਨ। ਕੇਂਦਰ ਅਤੇ ਰਾਜਾਂ ਦੇ ਟਰਾਂਸਪੋਰਟ ਮੰਤਰਾਲੇ ਵੀ ਇਨ੍ਹਾਂ ਸਭ ਘਟਨਾਵਾਂ ਤੋਂ ਬੇਖ਼ਬਰ ਹਨ। ਦੇਸ਼ ਦੀਆਂ ਨੈਸ਼ਨਲ ਹਾਈਵੇਜ਼ ਸੜਕਾਂ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਅੱਖ ਵੀ ਗੈਰ-ਕਾਨੂੰਨੀ ਦੌੜਨ ਵਾਲੇ ਵਾਹਨਾਂ ਨੂੰ ਪਛਾਣ ਕਰਨ ਵਿਚ ਕਮਜ਼ੋਰ ਬਣੀ ਹੋਈ ਹੈ।