ਬੱਧਨੀ ਕਲਾਂ, 3 ਜੁਲਾਈ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਿਖੇ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਅਤੇ ਬਾਬਾ ਗੁਰਬਖ਼ਸ਼ ਦੀ ਅਗਵਾਈ ਹੇਠ ਇਕੋਤਰੀ ਸਮਾਗਮਾਂ ਦੀ ਆਰੰਭਤਾ ਹੋਈ। ਅਰਦਾਸ ਕਰਨ ਉਪਰੰਤ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਨੇ ਵੱਡੀ ਗਿਣਤੀ ‘ਚ ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਜਿਥੇ ਸਭ ਧਰਮਾਂ ਦਾ ਸਤਿਕਾਰ ਕਰਨ, ਵਾਹਿਗੁਰੂ ਦਾ ਜਾਪੁ ਕਰਨ, ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਗੁਰ ਦੇ ਲੜ ਲੱਗ ਕੇ ਗੁਰੂ ਘਰਾਂ ‘ਚ ਸੇਵਾ ਕਰਨ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ। ਜਾਣਕਾਰੀ ਦਿੰਦਿਆਂ ਬਾਬਾ ਜਗਤਾਰ ਸਿੰਘ, ਦਿੱਲੀ ਠਾਠ ਦੇ ਸੇਵਾਦਾਰ ਜਗਜੀਤ ਸਿੰਘ ਜੱਜੀ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਭਾਈ ਜਰਨੈਲ ਸਿੰਘ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਬਾਹਰਲੀ ਠਾਠ ‘ਚ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ‘ਚ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ‘ਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 28 ਜੂਨ ਤੋਂ ਪਾਠ ਸ਼ੁਰੂ ਕੀਤੇ ਗਏ ਹਨ ਤੇ 28 ਜੁਲਾਈ ਤੱਕ ਸਰਬੱਤ ਦੇ ਭਲੇ ਲਈ ਅਖੰਡ ਪਾਠਾਂ ਦੀਆਂ ਇਕੋਤਰੀਆਂ ਦੇ ਸਮਾਗਮ ਲਗਾਤਾਰ ਕਰਵਾਏ ਜਾ ਰਹੇ ਹਨ। 28 ਜੂਨ ਦਿਨ ਐਤਵਾਰ ਨੂੰ ਅਖੰਡ ਪਾਠਾਂ ਦੀਆਂ ਲੜ੍ਹੀਆਂ ਦੀ ਆਰੰਭਤਾ ਕੀਤੀ ਗਈ ਹੈ ਅਤੇ 28 ਜੁਲਾਈ ਦਿਨ (13 ਸਾਵਣ) ਦਿਨ ਮੰਗਲਵਾਰ ਨੂੰ ਸੰਪੂਰਨ ਸਮਾਪਤੀ ਹੋਵੇਗੀ। ਇਸ ਦੌਰਾਨ 5 ਜੁਲਾਈ, 12 ਜੁਲਾਈ, 19 ਜੁਲਾਈ ਅਤੇ 26 ਜੁਲਾਈ (ਚਾਰੇ ਐਤਵਾਰਾਂ) ਨੂੰ ਸਵੇਰ 9 ਤੋਂ 1 ਵਜੇ ਤੱਕ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਸ ਵਿਚ ਬੱਧਨੀ ਕਲਾਂ ਵਾਲੇ ਮਹਾਂਪੁਰਖ ਬਾਬਾ ਜ਼ੋਰਾ ਸਿੰਘ ਜਿਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ, ਉਥੇ ਹੀ ਬਾਬਾ ਗੁਰਬਖ਼ਸ਼ ਸਿੰਘ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ, ਨਾਨਕਸਰ, ਹੋਰਨਾਂ ਠਾਠਾਂ, ਸੰਪਰਦਾਇ ਤੋਂ ਪਹੁੰਚੇ ਹੋਏ ਸੰਤ ਮਹਾਂਪੁਰਸ਼ ਵੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਤੋਂ ਇਲਾਵਾ 14 ਜੁਲਾਈ ਦਿਨ ਮੰਗਲਵਾਰ ਨੂੰ ਮੱਸਿਆ ਵਾਲੇ ਦਿਨ ਵੀ ਵਿਸ਼ੇਸ਼ ਤੌਰ ‘ਤੇ ਦੀਵਾਨ ਸਜਾਇਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ‘ਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਗਮਾਂ ਸਬੰਧੀ ਤਿਆਰੀਆਂ ਪੂਰੇ ਜੋਸ਼ੋ ਖਰੋਸ਼ ਨਾਲ ਚੱਲ ਰਹੀਆਂ ਹਨ।