ਨਵੀਂ ਦਿੱਲੀ, 3 ਜੁਲਾਈ (ਉਪਮਾ ਡਾਗਾ ਪਾਰਥ)- ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਖ਼ਤਮ ਹੋਏ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਦੇ ਦੌਰੇ ਨੂੰ ਦੋਹਾਂ ਦੇਸ਼ਾਂ ਦੇ ਸਾਂਝੇ ਵਿਕਾਸ ਦੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਵਜੋਂ ਚੁੱਕਿਆ ਕਦਮ ਕਰਾਰ ਦਿੱਤਾ ਅਤੇ ਨਵੀਂ ਦਿੱਲੀ ’ਚ ਹੋਏ 16ਵੇਂ ਭਾਰਤ - ਜਪਾਨ ਸਾਲਾਨਾ ਸਿਖ਼ਰ ਸੰਮੇਲਨ ਨੂੰ ‘ਬਹੁਤ ਸਫ਼ਲ’ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਦੌਰੇ ਦਾ ਬਿਊਰਾ ਦਿੰਦਿਆਂ ਕਿਹਾ ਕਿ ਇਕ ਯਾਦਗਾਰ ਦੌਰੇ ਦਾ ਸਮਾਪਨ ਹੋਇਆ, ਜਿਸ ਨੇ ਭਾਰਤ - ਜਪਾਨ ਭਾਈਵਾਲੀ ਦੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਇਆ। ਉਨ੍ਹਾਂ ਜਪਾਨ ਦੀ ਪ੍ਰਧਾਨ ਮੰਤਰੀ ਦੀ ਵਿਦਾਈ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਜਾਇਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਕਾਇਚੀ ਦਰਮਿਆਨ ਹੋਈ ਸਿਖ਼ਰ ਵਾਰਤਾ ਦੌਰਾਨ ਭਾਰਤ ਅਤੇ ਜਪਾਨ ਨੇ ਕੁਝ ਅਹਿਮ ਕਦਮਾਂ ਦਾ ਐਲਾਨ ਕੀਤਾ, ਜਿਸ ’ਚ ਆਰਥਿਕ ਸਾਂਝੇਦਾਰੀ ਦੀ ਰੂਪਰੇਖਾ, ਫ਼ੌਜੀ ਉਪਕਰਨਾਂ ਦੇ ਸੰਯੁਕਤ ਵਿਕਾਸ ਦੇ ਲਈ ਰੱਖਿਆ ਸਮਝੌਤਾ ਅਤੇ ਤੇਲ ਸਪਲਾਈ ਸੰਬੰਧੀ ਝਟਕਿਆਂ ਨੂੰ ਨਜਿੱਠਣ ਲਈ ਊਰਜਾ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਹੱਲ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਦੌਰੇ ਨੇ ਦੋਹਾਂ ਦੇਸ਼ਾਂ ਦੇ ਸਾਂਝੇ ਵਿਕਾਸ ਲਈ ਅਹਿਮ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਹਿੰਦ ਪ੍ਰਸ਼ਾਂਤ ਖਿੱਤੇ ਅਤੇ ਉਸ ਦੇ ਅੱਗੇ ਸ਼ਾਂਤੀ, ਵਿਕਾਸ ਅਤੇ ਸਥਿਰਤਾ ਨੂੰ ਬੜਾਵਾ ਦੇਣ ਵਾਲੇ ਮਜ਼ਬੂਤ ਆਧਾਰ ਵਜੋਂ ਇਸ ਨੂੰ ਵਿਕਸਿਤ ਕਰਨ ਦੀ ਦੋਹਾਂ ਧਿਰਾਂ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਸੀ ਕਿ ਦੋਵੇਂ ਨੇਤਾ ਅਗਲੇ ਸਾਲ ਭਾਰਤ ਅਤੇ ਜਪਾਨ ਦਰਮਿਆਨ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਸਾਲ 2027 ਨੂੰ ‘ਇੰਡੀਆ ਜਪਾਨ ਈਅਰ ਆਫ ਸ਼ੇਅਰਡ ਹੋਰਾਈਜ਼ਨਸ’ ਵਜੋਂ ਮਨਾਇਆ ਜਾਏਗਾ।