ਅੰਮ੍ਰਿਤਸਰ, 3 ਜੁਲਾਈ (ਸੁਰਿੰਦਰ ਕੋਛੜ)-ਜਥੇਬੰਦੀ ਦਲ ਖ਼ਾਲਸਾ ਦੇ ਮੋਢੀ ਮੈਂਬਰ ਅਤੇ ਜਲਾਵਤਨ ਸਿੱਖ ਆਗੂ ਭਾਈ ਗਜਿੰਦਰ ਸਿੰਘ ਦੀ ਯਾਦ ‘ਚ ਅੱਜ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪਾਕਿਸਤਾਨੀ ਸਿੱਖ ਸੰਗਤ ਜਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਹੋਇਆ। ਸ੍ਰੀ ਨਨਕਾਣਾ ਸਾਹਿਬ ਤੋਂ ਇਕ ਸਿੱਖ ਆਗੂ ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਖੰਡ ਪਾਠ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਭਾਈ ਦਇਆ ਸਿੰਘ ਨੇ ਕੀਤੀ, ਜਦੋਂਕਿ ਪਾਠ ਦੀ ਸਮਾਪਤੀ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਗਿਆਨੀ ਹੀਰਾ ਸਿੰਘ ਨੇ ਕੀਤਾ। ਇਸ ਮੌਕੇ ਸਤਿੰਦਰ ਸਿੰਘ ਸੱਤੀ, ਮਦਨ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਾਜ਼ਰ ਸਨ। ਦੱਸਣਯੋਗ ਹੈ ਕਿ ਸਾਲ 1981 ਤੋਂ ਜਲਾਵਤਨੀ ਦੀ ਜ਼ਿੰਦਗੀ ਜੀਅ ਰਹੇ ‘ਜਲਾਵਤਨ ਸਿੱਖ ਯੋਧੇ’ ਦੀ ਉਪਾਧੀ ਨਾਲ ਸਨਮਾਨਿਤ ਭਾਈ ਗਜਿੰਦਰ ਸਿੰਘ ਦਾ ਦਿਹਾਂਤ ਲਾਹੌਰ ਦੀ ਜੇਲ੍ਹ ਰੋਡ ਵਿਖੇ ਪੰਜਾਬ ਇੰਸਟੀਚਿਊਟ ਆਫ਼ ਕਾਰਡੀਓਲਾਜੀ ਵਿਖੇ 3 ਜੁਲਾਈ 2024 ਨੂੰ ਹੋਇਆ ਸੀ।