ਪੰਚਕੂਲਾ, 3 ਜੁਲਾਈ (ਯੂ.ਐੱਨ.ਆਈ.)-ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਨੇ ਕਿਹਾ ਹੈ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ, ਅਤੇ 5 ਜੁਲਾਈ ਤੋਂ ਇਸ ਖੇਤਰ ਵਿੱਚ ਵਿਆਪਕ ਬਾਰਿਸ਼ ਦੀ ਉਮੀਦ ਹੈ।ਆਪਣੇ ‘ਆਲ ਇੰਡੀਆ ਵੈਦਰ ਸਮਰੀ ਐਂਡ ਫੋਰਕਾਸਟ ਬੁਲੇਟਿਨ’ ਵਿੱਚ, ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਨੇ ਕਿਹਾ ਕਿ ਮੌਨਸੂਨ ਦੀ ਉੱਤਰੀ ਸੀਮਾ ਇਸ ਸਮੇਂ ਪੋਰਬੰਦਰ, ਵੱਲਭ ਵਿਦਿਆਨਗਰ, ਨੀਮਚ, ਟੋਂਕ, ਭਿਵਾਨੀ ਅਤੇ ਬਠਿੰਡਾ ਵਿੱਚੋਂ ਲੰਘ ਰਹੀ ਹੈ। ਉੱਤਰੀ ਅਰਬ ਸਾਗਰ ਅਤੇ ਗੁਜਰਾਤ ਦੇ ਕੁਝ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਵੀ ਅਨੁਕੂਲ ਹਨ। ਆਈ.ਐੱਮ.ਡੀ. ਨੇ 5 ਜੁਲਾਈ ਤੋਂ 8 ਜੁਲਾਈ ਤੱਕ ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੁੱਖ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ 4 ਜੁਲਾਈ ਨੂੰ ਇਸ ਖੇਤਰ ਵਿੱਚ ਖਿੰਡੇ-ਪੁੰਡੇ ਮੀਂਹ ਪੈਣ ਦੀ ਸੰਭਾਵਨਾ ਹੈ। ਅੱਠ ਜੁਲਾਈ ਤੱਕ ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਬਿਜਲੀ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਦੇ ਨਾਲ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਵਿੱਚ 5 ਤੋਂ 8 ਜੁਲਾਈ ਤੱਕ ਇੱਕ-ਦੋ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।ਇਸ ਸਮੇਂ ਦੌਰਾਨ ਪੱਛਮੀ ਹਿਮਾਲਿਆਈ ਖੇਤਰ ਵਿੱਚ ਸਰਗਰਮ ਮੌਨਸੂਨ ਦੀ ਸਥਿਤੀ ਵੀ ਰਹਿਣ ਦੀ ਉਮੀਦ ਹੈ। ਆਈ.ਐੱਮ.ਡੀ. ਨੇ 8 ਜੁਲਾਈ ਤੱਕ ਜੰਮੂ-ਕਸ਼ਮੀਰ-ਲੱਦਾਖ-ਗਿਲਗਿਟ-ਬਾਲਟਿਸਤਾਨ-ਮੁਜ਼ੱਫਰਾਬਾਦ ਵਿੱਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ; 4 ਤੋਂ 8 ਜੁਲਾਈ ਤੱਕ ਹਿਮਾਚਲ ਪ੍ਰਦੇਸ਼; ਉੱਤਰਾਖੰਡ ਤੇ ਜੰਮੂ-ਕਸ਼ਮੀਰ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੱਧ ਭਾਰਤ ਵਿੱਚ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ 8 ਜੁਲਾਈ ਤੱਕ ਅਤੇ ਵਿਦਰਭ ਵਿੱਚ 5 ਜੁਲਾਈ ਅਤੇ 7 ਤੋਂ 8 ਜੁਲਾਈ ਤੱਕ ਕਾਫ਼ੀ ਵਿਆਪਕ ਬਾਰਿਸ਼ ਹੋਣ ਦੀ ਉਮੀਦ ਹੈ।