13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਜੀਠੀਆ ਨੇ ਮਸ਼ੋਬਰਾ ਸਥਿਤ ਘਰ ਦੀਆਂ ਚਾਬੀਆਂ ਵਾਪਸ ਦੇਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 05-07-2026

ਐੱਸ. ਏ. ਐੱਸ. ਨਗਰ, 4 ਜੁਲਾਈ (ਕਪਿਲ ਵਧਵਾ)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਨਿਚਰਵਾਰ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਹੋਏ। ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਵਲੋਂ ਸ਼ਿਮਲਾ ਦੇ ਮਸ਼ੋਬਰਾ ਸਥਿਤ ਰਿਹਾਇਸ਼ ਦੀ ਦੇਖਭਾਲ ਕਰਨ ਲਈ ਚਾਬੀਆਂ ਵਾਪਸ ਕਰਨ ਦੀ ਮੰਗ ਕੀਤੀ ਗਈ, ਜੋ ਕਿ ਇਸ ਵੇਲੇ ਜਾਂਚ ਏਜੰਸੀ ਕੋਲ ਹਨ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮਸ਼ੋਬਰਾ ਸਥਿਤ ਘਰ ਦੀ ਤਲਾਸ਼ੀ ਨਾਲ ਸੰਬੰਧਿਤ ਦਸਤਾਵੇਜ਼ਾਂ ਲਈ ਦਾਇਰ ਅਰਜ਼ੀ 14 ਜੁਲਾਈ, 2025 ਤੋਂ ਲੰਬਿਤ ਹੈ। ਇਸ ਦੇ ਨਾਲ ਹੀ ਬਚਾਅ ਪੱਖ ਨੇ ਅਦਾਲਤ ਕੋਲ ਇਹ ਵੀ ਬੇਨਤੀ ਕੀਤੀ ਕਿ ਇਕ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਜਾਵੇ, ਜੋ ਕਿ ਚਾਬੀਆਂ ਲੈ ਕੇ ਘਰ ਖੋਲ੍ਹੇ ਅਤੇ ਪੂਰੀ ਕਾਰਵਾਈ ਦੀ ਵੀਡੀਓਗ੍ਰਾਫ਼ੀ ਕਰਵਾਏ ਤਾਂ ਜੋ ਸਬੂਤ ਸੁਰੱਖਿਅਤ ਰਹਿ ਸਕਣ। ਇਸੇ ਦੌਰਾਨ ਰਾਜ ਪੱਖ ਦੇ ਵਿਸ਼ੇਸ਼ ਸਰਕਾਰੀ ਵਕੀਲ ਨੇ ਇਸ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਕੋਰਟ ਕਮਿਸ਼ਨਰ ਨਿਯੁਕਤ ਕਰਕੇ ਚਾਬੀਆਂ ਸੌਂਪਣ ਅਤੇ ਵੀਡੀਓਗ੍ਰਾਫ਼ੀ ਕਰਵਾਉਣ ਦਾ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਾਨੂੰਨੀ ਪੱਖ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਅਦਾਲਤ ਨੇ ਇਸ ਮੁੱਦੇ ‘ਤੇ ਸੁਣਵਾਈ ਲਈ ਮਾਮਲਾ ਆਗਾਮੀ 18 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਹੈ। ਇਸੇ ਦਿਨ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ, ਜੋ ਕਿ ਅੰਤਰਿਮ ਰਾਹਤ ‘ਤੇ ਹਨ, ਦੀ ਜ਼ਮਾਨਤ ਅਰਜ਼ੀ ‘ਤੇ ਵੀ ਸੁਣਵਾਈ ਹੋਈ। ਇਸ ਮਾਮਲੇ ਦੀ ਅਗਲੀ ਸੁਣਵਾਈ ਵੀ 18 ਜੁਲਾਈ ਨੂੰ ਨਿਰਧਾਰਤ ਕੀਤੀ ਗਈ ਹੈ। ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਜਾਂਚ ਅਧਿਕਾਰੀ ਨੂੰ ਚਾਰ ਵਿਕਰੀ ਰਜਿਸਟਰੀਆਂ (ਸੇਲ ਡੀਡਾਂ) ਵੀ ਅਦਾਲਤ ਵਿਚ ਸੌਂਪੀਆਂ, ਜਿਨ੍ਹਾਂ ਬਾਰੇ ਰਾਜ ਪੱਖ ਨੇ ਕਿਹਾ ਕਿ ਇਨ੍ਹਾਂ ਦੀ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ। ਅਦਾਲਤ ਨੇ ਜਾਂਚ ਏਜੰਸੀ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਕੇ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ 18 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਲੜਾਈ ਸ਼ੁਰੂ ਅਗਲੀ ਖ਼ਬਰ 16 ਮੈਡੀਕਲ ਕਾਲਜਾਂ ਤੋਂ ਲੈ ਕੇ ਹਰ ਮੋਰਚੇ ’ਤੇ ਝੂਠ ਬੋਲ ਰਹੀ ‘ਆਪ’ ਸਰਕਾਰ-ਢਿੱਲੋਂ
Ad Position 24