ਜਲੰਧਰ, 4 ਜੁਲਾਈ (ਜਸਪਾਲ ਸਿੰਘ)-ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਲਈ ਪਿਛਲੇ 4 ਦਹਾਕਿਆਂ ਤੋਂ ਅਟਾਰੀ-ਵਾਹਗਾ ਬਾਰਡਰ ’ਤੇ ਮੋਮਬੱਤੀਆਂ ਜਗਾਉਂਦੀਆਂ ਆ ਰਹਿੰਦੀਆਂ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਅਤੇ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫ਼ਮਾ) ਵਲੋਂ ਇਸ ਵਾਰ ਵੀ 14 ਅਗਸਤ ਦੀ ਰਾਤ ਨੂੰ ਸਰਹੱਦਾਂ ’ਤੇ ਮੋਮਬੱਤੀਆਂ ਜਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਕਿਸਤਾਨ ਵਾਲੇ ਪਾਸੇ ਮੋਮਬੱਤੀਆਂ ਜਗਾਉਣ ਦਾ ਪ੍ਰੋਗਰਾਮ ਸਾਫ਼ਮਾ ਵਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲਾਹੌਰ ਵਿਚ ਸਾਫ਼ਮਾ ਦੇ ਐਡੀਟੋਰੀਅਮ ਵਿਚ ‘ਸ਼ਾਂਤੀ ਨੂੰ ਇਕ ਮੌਕਾ ਹੋਰ ਦਿਉ’ ਵਿਸ਼ੇ ’ਤੇ ਭਾਰਤ-ਪਾਕਿ ਸੰਬੰਧਾਂ ਬਾਰੇ ਸ਼ਾਮ 4 ਤੋਂ 6 ਵਜੇ ਤੱਕ ਸੈਮੀਨਾਰ ਹੋਵੇਗਾ।ਇਸੇ ਦੌਰਾਨ ਸਰਹੱਦ ’ਤੇ ਭਾਰਤ ਵਾਲੇ ਪਾਸੇ ਮੋਮਬੱਤੀਆਂ ਜਗਾਉਣ ਦਾ ਆਯੋਜਨ ਕਰਨ ਵਾਲੀਆਂ ਜਥੇਬੰਦੀਆਂ ‘ਹਿੰਦ-ਪਾਕਿ ਦੋਸਤੀ ਮੰਚ’ ਅਤੇ ‘ਫੋਕਲੋਰ ਰੀਸਰਚ ਅਕੈਡਮੀ’ ਅੰਮ੍ਰਿਤਸਰ ਨੇ ਵੀ ਇਹ ਫ਼ੈਸਲਾ ਕੀਤਾ ਹੈ ਕਿ ਉਹ ਵੀ 14 ਅਗਸਤ ਨੂੰ ਭਾਰਤ ਵਾਲੇ ਪਾਸੇ ਅਟਾਰੀ-ਵਾਹਗਾ ਦੀ ਸਰਹੱਦ ’ਤੇ ਰਾਤ 12 ਵਜੇ ਮੋਮਬੱਤੀਆਂ ਜਗਾਉਣ ਦਾ ਆਯੋਜਨ ਕਰਨਗੀਆਂ। ਇਸ ਤੋਂ ਪਹਿਲਾਂ ਵਿਰਸਾ ਵਿਹਾਰ, ਅੰਮ੍ਰਿਤਸਰ ਵਿਚ ਸਵੇਰੇ 11 ਵਜੇ ਤੋਂ 2.30 ਵਜੇ ਤੱਕ ‘ਭਾਰਤ-ਪਾਕਿਸਤਾਨ ਸੰਬੰਧ - ਔਕੜਾਂ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਸੈਮੀਨਾਰ ਹੋਵੇਗਾ, ਜਿਸ ਵਿਚ ਪੰਜਾਬ ਅਤੇ ਕਈ ਹੋਰ ਸੂਬਿਆਂ ਦੇ ਬੁੱਧੀਜੀਵੀ ਤੇ ਸ਼ਾਂਤੀ ਪ੍ਰੇਮੀ ਆਪਣੇ ਵਿਚਾਰ ਪੇਸ਼ ਕਰਨਗੇ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਕ੍ਰਮਵਾਰ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਰਮੇਸ਼ ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਸੰਬੰਧੀ ਹੋਰ ਜਾਣਕਾਰੀ ਅਗਲੇ ਦਿਨਾਂ ਵਿਚ ਦਿੱਤੀ ਜਾਵੇਗੀ।