ਭਾਈ ਗਜਿੰਦਰ ਸਿੰਘ ਕੌਮ ਦੇ ਹੀਰੇ ਤੇ ਜਾਂਬਾਜ਼ ਯੋਧੇ ਸਨ-ਜਥੇਦਾਰ ਗੜਗੱਜ
ਅਜੀਤ ਡੈਸਕ
05-07-2026
ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਦੇ ਸੰਸਥਾਪਕ ਅਤੇ ਦੋ ਸਾਲ ਪਹਿਲਾਂ ਜਲਾਤਵਨੀ ਦੌਰਾਨ ਪਾਕਿਸਤਾਨ ‘ਚ ਅਕਾਲ ਚਲਾਣਾ ਕਰ ਗਏ ਸਿੱਖ ਵਿਦਵਾਨ ਭਾਈ ਗਜਿੰਦਰ ਸਿੰਘ (ਜ਼ਹਾਜ਼ ਅਗਵਾਕਾਰ) ਦੀ ਇਥੇ ਮਨਾਈ ਗਈ ਦੂਜੀ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਨੇ ਸ਼ਿਰਕਤ ਕਰਦਿਆਂ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਵਲੋਂ ਆਪਣੀ ਹਯਾਤੀ ਦੌਰਾਨ ਸਿੱਖ ਪੰਥ ਲਈ ਨਿਭਾਈਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਦਲ ਖ਼ਾਲਸਾ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਕਰਵਾਏ ਸ਼ਰਧਾਂਜਲੀ ਅਤੇ ਪੰਥਕ ਵਿਚਾਰ ਚਰਚਾ ਸਮਾਗਮ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਕੌਮ ਦੇ ਹੀਰੇ ਅਤੇ ਜਾਂਬਾਜ਼ ਯੋਧੇ ਸਨ। ਉਨ੍ਹਾਂ ਅਕਾਲ ਤਖ਼ਤ ਵਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਤੇ ਸਿਧਾਂਤਾਂ ‘ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਨੂੰ ਕਈ ਚੁਣੌਤੀਆਂ ਹਨ, ਤੇ ਉਨ੍ਹਾਂ ਦਾ ਮੁਕਾਬਲਾ ਪੰਥ ਮਿਲ ਕੇ ਹੀ ਕਰ ਸਕਦਾ ਹੈ।ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਸਤੰਬਰ 1981 ਵਿਚ ਚਾਰ ਸਾਥੀਆਂ ਨਾਲ ਮਿਲ ਕੇ ਇਕ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਨ ਤੇ ਪਾਕਿਸਤਾਨ ਦੀ ਇਕ ਅਦਾਲਤ ਦੁਆਰਾ ਉਨ੍ਹਾਂ ਨੂੰ ਜ਼ਹਾਜ਼ ਅਗਵਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਰਿਹਾਈ ਤੋਂ ਬਾਅਦ ਵੀ ਉਨ੍ਹਾਂ ਪਾਕਿਸਤਾਨ ਵਿਚ ਹੀ ਰਹਿਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦਾ ਦੇਹਾਂਤ 3 ਜੁਲਾਈ 2024 ਨੂੰ ਲਾਹੌਰ ਦੇ ਇਕ ਹਸਪਤਾਲ ਵਿਚ ਹੋਇਆ। ਉਨ੍ਹਾਂ ਨੂੰ ਸਤੰਬਰ 2020 ਵਿਚ ਅਕਾਲ ਤਖ਼ਤ ਸਾਹਿਬ ਦੁਆਰਾ ਜਲਾਵਤਨ ਸਿੱਖ ਯੋਧੇ ਦੀ ਉਪਾਧੀ ਦਾ ਐਲਾਣ ਕੀਤਾ ਗਿਆ ਤੇ ਜੁਲਾਈ 2024 ਵਿਚ ਜਥੇਦਾਰ ਅਕਾਲ ਤਖ਼ਤ ਨੇ ਸ਼੍ਰੋਮਣੀ ਕਮੇਟੀ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਚ ਉਨ੍ਹਾਂ ਦੀ ਤਸਵੀਰ ਲਗਾਉਣ ਦੇ ਆਦੇਸ਼ ਦਿੱਤੇ, ਜੋ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਲਾਗੂ ਨਹੀਂ ਕੀਤੇ। ਇਸ ਮੌਕੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ, ਪ੍ਰੋ: ਜਗਮੋਹਨ ਸਿੰਘ, ਭਾਈ ਨਰੈਣ ਸਿੰਘ ਚੌੜਾ, ਪਰਮਜੀਤ ਸਿੰਘ ਗ਼ਾਜ਼ੀ, ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਹਰਚਰਨਜੀਤ ਸਿੰਘ ਧਾਮੀ ਵੀ ਸੰਬੋਧਨ ਕੀਤਾ। ਇਸ ਦੌਰਾਨ ਜਥੇਦਾਰ ਗਿਆਨੀ ਗੜਗੱਜ, ਬੀਬੀ ਸਤਵੰਤ ਕੌਰ ਅਤੇ ਦਲ ਖ਼ਾਲਸਾ ਆਗੂਆਂ ਕੰਵਰਪਾਲ ਸਿੰਘ, ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿੰਘ ਟਾਂਡਾ ਤੇ ਹੋਰਨਾਂ ਵਲੋਂ ਸਵਰਗੀ ਭਾਈ ਗਜਿੰਦਰ ਸਿੰਘ ਦੇ ਭਰਾਤਾ ਦਰਸ਼ਨ ਸਿੰਘ ਅਤੇ ਭਾਬੀ ਬੀਬੀ ਤਜਿੰਦਰ ਕੌਰ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਜਨਰਲ ਲਾਭ ਸਿੰਘ ਦੀ ਧਰਮ ਪਤਨੀ ਤੋਂ ਇਲਾਵਾ ਪੰਥਕ ਜਥੇਬੰਦੀਆਂ ਦੇ ਆਗੂਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਸਰਬਜੀਤ ਸਿੰਘ ਘੁਮਾਣ, ਪ੍ਰਿੰ. ਯਸ਼ਪ੍ਰੀਤ ਕੌਰ, ਹਰਪਾਲ ਸਿੰਘ ਬਲੇਰ, ਜੁਝਾਰ ਸਿੰਘ, ਗੁਰਸੇਵਕ ਸਿੰਘ ਭਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਮਹਾਂਬੀਰ ਸਿੰਘ ਸੁਲਤਾਨਵਿੰਡ, ਸ਼ਮਸ਼ੇਰ ਸਿੰਘ ਪੱਧਰੀ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।