ਪੰਜਾਬ ਦੀ ਲੋਕ ਵਿਰਾਸਤ ਦਾ ਅਹਿਮ ਅੰਗ ‘ਭੰਡ ਕਲਾ’ ਅਲੋਪ ਹੋਣ ਦੇ ਕਿਨਾਰੇ
ਅਜੀਤ ਡੈਸਕ
05-07-2026
ਪਟਿਆਲਾ, 4 ਜੁਲਾਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੀ ਅਮੀਰ ਲੋਕ ਵਿਰਾਸਤ ਨਾਲ ਜੁੜੀ ਭੰਡ ਕਲਾ, ਜਿਸ ਨੇ ਸਦੀਆਂ ਤੱਕ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਮਾਜ ਨੂੰ ਹਾਸ-ਵਿਅੰਗ ਰਾਹੀਂ ਜਾਗਰੂਕ ਕਰਨ ਦਾ ਕੰਮ ਕੀਤਾ, ਅੱਜ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਇਕ ਸਮਾਂ ਸੀ ਜਦੋਂ ਪਿੰਡਾਂ ਦੇ ਮੇਲੇ, ਵਿਆਹ ਸਮਾਗਮ, ਧਾਰਮਿਕ ਇਕੱਠ ਅਤੇ ਹੋਰ ਖ਼ੁਸ਼ੀ ਦੇ ਮੌਕੇ ਭੰਡਾਂ ਦੀ ਪੇਸ਼ਕਾਰੀ ਤੋਂ ਬਿਨਾਂ ਅਧੂਰੇ ਮੰਨੇ ਜਾਂਦੇ ਸਨ ਪਰ ਹੁਣ ਬਦਲਦੇ ਸਮੇਂ ਨਾਲ ਇਹ ਲੋਕ ਕਲਾ ਹੌਲੀ-ਹੌਲੀ ਲੋਕਾਂ ਦੀ ਨਜ਼ਰ ਤੋਂ ਓਝਲ ਹੁੰਦੀ ਜਾ ਰਹੀ ਹੈ। ਭੰਡ ਆਪਣੇ ਵਿਲੱਖਣ ਅੰਦਾਜ਼, ਹਾਜ਼ਰਜਵਾਬੀ, ਨਕਲ ਉਤਾਰਨ ਦੀ ਕਲਾ ਅਤੇ ਹਾਸ-ਵਿਅੰਗ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਸਨ। ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿਚ ਸਮਾਜਿਕ ਕੁਰੀਤੀਆਂ, ਨਸ਼ਾਖੋਰੀ, ਦਾਜ ਪ੍ਰਥਾ ਅਤੇ ਹੋਰ ਸਮਾਜਿਕ ਮਸਲਿਆਂ ’ਤੇ ਵੀ ਵਿਅੰਗ ਕੀਤਾ ਜਾਂਦਾ ਸੀ, ਜਿਸ ਨੂੰ ਲੋਕ ਬੜੇ ਧਿਆਨ ਨਾਲ ਸੁਣਦੇ ਸਨ। ਇਸੇ ਕਾਰਨ ਭੰਡ ਕਲਾ ਨੂੰ ਪੰਜਾਬ ਦੀ ਲੋਕ-ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਟੈਲੀਵਿਜ਼ਨ, ਮੋਬਾਈਲ ਫ਼ੋਨਾਂ, ਸੋਸ਼ਲ ਮੀਡੀਆ ਅਤੇ ਡਿਜੀਟਲ ਮਨੋਰੰਜਨ ਦੇ ਸਾਧਨਾਂ ਦੇ ਵਧਦੇ ਪ੍ਰਭਾਵ ਕਾਰਨ ਰਵਾਇਤੀ ਲੋਕ ਕਲਾਵਾਂ ਦੀ ਮਹੱਤਤਾ ਲਗਾਤਾਰ ਘਟਦੀ ਗਈ ਹੈ। ਇਸ ਦੇ ਨਾਲ ਹੀ ਵਿਆਹ ਸਮਾਗਮਾਂ ਦਾ ਰੂਪ ਵੀ ਕਾਫ਼ੀ ਬਦਲ ਗਿਆ ਹੈ। ਪਹਿਲਾਂ ਜਿਥੇ ਲੋਕ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਂਦਾ ਸੀ, ਉਥੇ ਹੁਣ ਡੀ.ਜੇ., ਆਰਕੈਸਟਰਾ ਅਤੇ ਹੋਰ ਆਧੁਨਿਕ ਮਨੋਰੰਜਨ ਦੇ ਸਾਧਨਾਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। ਇਸ ਕਾਰਨ ਭੰਡ ਕਲਾ ਨਾਲ ਜੁੜੇ ਪਰਿਵਾਰਾਂ ਦੀ ਆਮਦਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਭੰਡ ਕਲਾ ਨਾਲ ਸੰਬੰਧਿਤ ਕਲਾਕਾਰ ਅਮਰੀਕ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਸਾਲ ਭਰ ਵਿਆਹਾਂ, ਮੇਲਿਆਂ ਅਤੇ ਹੋਰ ਸਮਾਜਿਕ ਸਮਾਗਮਾਂ ਵਿਚ ਉਨ੍ਹਾਂ ਨੂੰ ਕੰਮ ਮਿਲਦਾ ਰਹਿੰਦਾ ਸੀ ਅਤੇ ਇਸੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਨ੍ਹਾਂ ਕਿਹਾ ਕਿ ਹੁਣ ਵਿਆਹਾਂ ’ਚ ਡੀ.ਜੇ. ਦੇ ਉੱਚੇ ਸ਼ੋਰ, ਆਰਕੈਸਟਰਾ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਨੇ ਭੰਡ ਕਲਾ ਦੀ ਥਾਂ ਲੈ ਲਈ ਹੈ। ਇਸ ਕਾਰਨ ਉਨ੍ਹਾਂ ਦੀ ਕਲਾ ਦੀ ਪਹਿਲਾਂ ਵਾਂਗ ਬੁੱਕਤ ਨਹੀਂ ਰਹੀ ਅਤੇ ਕੰਮ ਵੀ ਨਾ-ਮਾਤਰ ਹੀ ਮਿਲਦਾ ਹੈ। ਅਮਰੀਕ ਸਿੰਘ ਨੇ ਕਿਹਾ ਕਿ ਕੰਮ ਘਟਣ ਕਾਰਨ ਭੰਡ ਭਾਈਚਾਰੇ ਨਾਲ ਸੰਬੰਧਿਤ ਬਹੁਤੇ ਪਰਿਵਾਰ ਆਪਣਾ ਰਵਾਇਤੀ ਕਿੱਤਾ ਛੱਡ ਕੇ ਦਿਹਾੜੀ, ਖੇਤੀਬਾੜੀ, ਛੋਟੇ ਕਾਰੋਬਾਰ ਅਤੇ ਹੋਰ ਰੁਜ਼ਗਾਰਾਂ ਨਾਲ ਜੁੜ ਗਏ ਹਨ ਤਾਂ ਜੋ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਭੰਡ ਕਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਪੰਜਾਬ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਦਾ ਅਨਮੋਲ ਹਿੱਸਾ ਹੈ। ਜੇਕਰ ਇਸ ਕਲਾ ਨੂੰ ਮੁੜ ਪ੍ਰੋਤਸਾਹਨ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਨਾਲ ਜੁੜੇ ਕਲਾਕਾਰ ਵੀ ਖ਼ਤਮ ਹੋ ਜਾਣਗੇ ਅਤੇ ਪੰਜਾਬ ਦੀ ਇਕ ਹੋਰ ਪੁਰਾਤਨ ਲੋਕ ਕਲਾ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗੀ।