ਚੰਡੀਗੜ੍ਹ, 5 ਜੁਲਾਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਉਦਯੋਗਿਕ ਫੇਜ਼-2 ’ਚ ਸਨਿਚਰਵਾਰ ਨੂੰ ਕਰੀਬ 50 ਸਾਲ ਪੁਰਾਣੀ ਇਕ ਦੋ ਮੰਜ਼ਿਲਾ ਇਮਾਰਤ ਮੁਰੰਮਤ ਦੌਰਾਨ ਅਚਾਨਕ ਢਹਿ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਪ੍ਰਸ਼ਾਸਨ, ਪੁਲਿਸ ਅਤੇ ਬਚਾਅ ਏਜੰਸੀਆਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ, ਜਦਕਿ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮ੍ਰਿਤਕਾਂ ਦੀ ਪਛਾਣ ਤਰੁਣ ਜੈਨ ਅਤੇ ਤਰੁਣ ਕੌਸ਼ਿਕ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਸਨੀਕ ਸਨ। ਦੋਵੇਂ ਆਪਸ ’ਚ ਰਿਸ਼ਤੇਦਾਰ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਇਹ ਇਮਾਰਤ ਕਿਰਾਏ ’ਤੇ ਲਈ ਸੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜਾਣਕਾਰੀ ਮੁਤਾਬਕ ਉਹ ਇਥੇ ਮੋਟਰਸਾਈਕਲ ਡੀਲਰਸ਼ਿਪ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਸਨ ਅਤੇ ਇਸੇ ਸੰਬੰਧੀ ਇਮਾਰਤ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਹਾਦਸੇ ’ਚ ਜ਼ਖ਼ਮੀ ਹੋਏ ਉਮੇਸ਼, ਕੁਲਦੀਪ, ਕੁਲਵੀਰ, ਅਜੀਤ ਅਤੇ ਰਾਹੁਲ ਨੂੰ ਤੁਰੰਤ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ਼ ਅਤੇ ਹਸਪਤਾਲ (ਜੀ.ਐਮ.ਸੀ.ਐਚ.-32) ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ਼ ਜਾਰੀ ਹੈ। ਜ਼ਖ਼ਮੀ ਉਮੇਸ਼ ਨੇ ਪੁਲਿਸ ਨੂੰ ਦੱਸਿਆ ਕਿ ਸਨਿਚਰਵਾਰ ਸ਼ਾਮ ਕਰੀਬ 4.30 ਵਜੇ ਇਮਾਰਤ ’ਚ ਅਚਾਨਕ ਕੰਪਨ ਮਹਿਸੂਸ ਹੋਈ। ਇਸ ਤੋਂ ਕੁਝ ਹੀ ਪਲਾਂ ਬਾਅਦ ਛੱਤ ਅਤੇ ਕੰਧਾਂ ਢਹਿ ਗਈਆਂ, ਜਿਸ ਕਾਰਨ ਉਥੇ ਕੰਮ ਕਰ ਰਹੇ ਲੋਕ ਮਲਬੇ ਹੇਠ ਦੱਬ ਗਏ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਾਰੇ ਫ਼ਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ।ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਇਮਾਰਤ ਕਰੀਬ 50 ਸਾਲ ਪੁਰਾਣੀ ਸੀ ਅਤੇ ਇਸ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਸੀ। ਮੁਰੰਮਤ ਦੌਰਾਨ ਇਮਾਰਤ ਦਾ ਢਾਂਚਾ ਅਚਾਨਕ ਡਿੱਗ ਗਿਆ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ ’ਚ ਦੋ ਮੰਜ਼ਿਲਾ ਇਮਾਰਤ ਢਹਿਣ ਨਾਲ 2 ਮੌਤਾਂ, 5 ਜ਼ਖ਼ਮੀ
ਅਜੀਤ ਡੈਸਕ
06-07-2026