ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ ਨੇ ਤਸਕਰੀ ਨੂੰ ਬਣਾਇਆ ਮੁੱਖ ਧੰਦਾ

Ad Position 21
No active advertisement
ਅਜੀਤ ਡੈਸਕ 06-07-2026

ਐੱਨ.ਆਈ. ਯੂ. ਦੀ ਨਿਗਰਾਨੀ ’ਚ ਡਰੋਨਾਂ ਰਾਹੀਂ ਭੇਜੇ ਜਾ ਰਹੇ ਨਸ਼ੀਲੇ ਪਦਾਰਥ
ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ, ਨਾਰੋਵਾਲ ਅਤੇ ਕਸੂਰ ਦੇ ਸਰਹੱਦੀ ਪਿੰਡਾਂ ਦੇ ਤਸਕਰਾਂ ਅਤੇ ਉਥੇ ਰਹਿੰਦੇ ਬੇਰੁਜ਼ਗਾਰ ਨੌਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਆਪਣਾ ਮੁੱਖ ਧੰਦਾ ਬਣਾ ਲਿਆ ਹੈ। ਪਾਕਿਸਤਾਨੀ ਸਰਹੱਦ ‘ਤੇ ਤਾਇਨਾਤ ਪੰਜਾਬ (ਪਾਕਿ) ਰੇਂਜਰਜ਼ ਵੀ ਇਸ ਹਕੀਕਤ ਤੋਂ ਜਾਣੂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਰੱਖਿਆ ਮਾਮਲੇ ਬਾਰੇ ਵਿਸ਼ੇਸ਼ ਸਹਾਇਕ ਵੀ ਪਾਕਿ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਜਨਤਕ ਤੌਰ ‘ਤੇ ਸਵੀਕਾਰ ਕਰ ਚੁਕੇ ਹਨ ਕਿ ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਵੱਡੀ ਗਿਣਤੀ ‘ਚ ਤਸਕਰ ਅਤੇ ਆਮ ਨੌਜਵਾਨ ਭਾਰਤੀ ਇਲਾਕਿਆਂ ‘ਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਭੇਜ ਰਹੇ ਹਨ। ਡਰੋਨ ਦੇ ਨਾਲ-ਨਾਲ ਦਰਿਆਵਾਂ ਰਾਹੀਂ ਪਾਕਿ ਤਸਕਰਾਂ ਵਲੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਭਾਰਤ ਭੇਜੇ ਜਾ ਰਹੇ ਹਨ। ਲਹਿੰਦੇ ਪੰਜਾਬ ਦੀ ਪੁਲਿਸ ਅਤੇ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਵਲੋਂ ਹਾਲ ਹੀ ‘ਚ ਸਾਂਝੀ ਮੁਹਿੰਮ ਦੌਰਾਨ ਜ਼ਿਲ੍ਹਾ ਨਾਰੋਵਾਲ ਅਤੇ ਕਸੂਰ ਤੋਂ ਕਈ ਅਜਿਹੇ ਤਸਕਰ ਨਸ਼ੀਲੇ ਪਦਾਰਥਾਂ ਦੀ ਖੇਪ ਅਤੇ ਡਰੋਨਾਂ ਸਮੇਤ ਕਾਬੂ ਕੀਤੇ ਗਏ, ਜੋ ਸਰਹੱਦ ਪਾਰ ਹੈਰੋਇਨ ਅਤੇ ਆਈਸ ਭੇਜਣ ਦੀ ਤਿਆਰੀ ‘ਚ ਸਨ। ਦੱਸਿਆ ਜਾ ਰਿਹਾ ਹੈ ਕਿ ਪਾਕਿ ‘ਚ ਨਾਰਕੋਟਿਕਸ ਇਨਵੈਸਟੀਗੇਸ਼ਨ ਯੂਨਿਟ (ਐੱਨ. ਆਈ. ਯੂ.) ਦੇ ਕਈ ਆਲਾ ਅਧਿਕਾਰੀ ਤਸਕਰਾਂ ਨੂੰ ਭਾਰਤ ਸਪਲਾਈ ਭੇਜਣ ‘ਚ ਸਹਾਇਤਾ ਦੇ ਰਹੇ ਹਨ। ਇਨ੍ਹਾਂ ‘ਚੋਂ 20 ਤੋਂ ਵਧੇਰੇ ਅਧਿਕਾਰੀ ਅਤੇ ਕਰਮਚਾਰੀ ਹਾਲ ਹੀ ‘ਚ ਹਿਰਾਸਤ ਵਿਚ ਲਏ ਗਏ ਹਨ। ਭਰੋਸੇਯੋਗ ਸੂਤਰਾਂ ਮੁਤਾਬਿਕ ਸਰਹੱਦ ਪਾਰ ਤੋਂ ਵੱਡੀ ਮਾਤਰਾ ’ਚ ਡਰੋਨ ਅਤੇ ਹੋਰ ਮਾਧਿਅਮ ਰਾਹੀਂ ਭਾਰਤੀ ਸਰਹੱਦੀ ਖੇਤਰਾਂ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ‘ਚ ਲਾਹੌਰ ਦੇ ਬਰਕੀ, ਸਰਹੱਦੀ ਪਿੰਡ ਕੱਕੇਝਾਈ ਕਾਲਾਖਤਾਈ, ਮਨਿਹਾਲਾ, ਭਸੀਣ, ਨਾਥਾਂ ਵਾਲਾ, ਦਿਆਲ, ਤੇਜ ਗੜ੍ਹ (ਬਾਟਾ ਪੁਰ), ਲੱਖੂ ਕੀ ਖੂਹੀ, ਜਾਹਮਣ ਆਦਿ ਸਮੇਤ ਜ਼ਿਲ੍ਹਾ ਕਸੂਰ ਦੇ ਪਿੰਡ ਸਹਿਸਰਾ ਤੇ ਪਿੰਡ ਪੱਢਾ ਦੇ ਦਰਜਨਾਂ ਤਸਕਰ ਸ਼ਾਮਿਲ ਹਨ। ਸਰਹੱਦ ਪਾਰ ਦੇ ਸੂਤਰਾਂ ਮੁਤਾਬਿਕ ਭਾਰਤ ਅਤੇ ਪਾਕਿ ਦੇ ਤਸਕਰ ਵਟਸਐਪ, ਸਿਗਨਲ ਅਤੇ ਟੈਲੀਗ੍ਰਾਮ ਆਦਿ ਸੋਸ਼ਲ ਮੀਡੀਆ ਨੈੱਟਵਰਕ ਰਾਹੀਂ ਪੂਰਾ ਲੈਣ-ਦੇਣ ਤੈਅ ਕਰਕੇ ਇਕ-ਦੂਜੇ ਨਾਲ ਸਰਹੱਦੀ ਸੁਰੱਖਿਅਤ ਟਿਕਾਣਿਆਂ ਦੀ ਜਾਣਕਾਰੀ ਸਾਂਝੀ ਕਰਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਣਦੀ ਰਕਮ ਦੀ ਅਦਾਇਗੀ ਬਾਹਰੀ ਮੁਲਕਾਂ ਰਾਹੀਂ ਕੀਤੀ ਜਾਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਜੁਲਾਈ ਦੇ ਮੀਂਹਾਂ ਨਾਲ ਮਹਿੰਗੀ ਬਿਜਲੀ ਖ਼ਰੀਦ ਤੋਂ ਪਾਵਰਕਾਮ ਨੂੰ ਮਿਲੇਗੀ ਰਾਹਤ ਅਗਲੀ ਖ਼ਬਰ ਪੁਲਿਸ ਨੇ 24 ਘੰਟਿਆਂ ਅੰਦਰ ਲਾਪਤਾ ਤਿੰਨ ਮਾਸੂਮ ਬੱਚਿਆਂ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ
Ad Position 24
No active advertisement