ਚੰਡੀਗੜ੍ਹ, 5 ਜੁਲਾਈ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਪੰਜਾਬ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਸਿਆਸੀ ਰਣਨੀਤੀ ਸਪੱਸ਼ਟ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਆਪਣੇ ਦਮ ’ਤੇ ਚੋਣਾਂ ਲੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਉਪਰੰਤ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ‘ਡਬਲ ਇੰਜਣ ਸਰਕਾਰ’ ਤੋਂ ਬਿਨਾਂ ਪੰਜਾਬ ਨੂੰ ਮੁੜ ਖੁਸ਼ਹਾਲੀ ਦੀ ਰਾਹ ’ਤੇ ਨਹੀਂ ਲਿਆਂਦਾ ਜਾ ਸਕਦਾ। ਪੰਜਾਬ ਦੇ ਲੋਕ ਹਰ ਸਿਆਸੀ ਪਾਰਟੀ ਨੂੰ ਸੱਤਾ ਦਾ ਮੌਕਾ ਦੇ ਚੁੱਕੇ ਹਨ ਅਤੇ ਹੁਣ ਭਾਜਪਾ ਨੂੰ ਵੀ ਇਕ ਮੌਕਾ ਮਿਲਣਾ ਚਾਹੀਦਾ ਹੈ।ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ-ਚੰਡੀਗੜ੍ਹ ਦੇ ਸੰਗਠਨ ਮਹਾਂਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਹੁਣ ਇਕ ਸੁਤੰਤਰ ਅਤੇ ਮਜ਼ਬੂਤ ਸਿਆਸੀ ਧਿਰ ਵਜੋਂ ਉਭਰ ਰਹੀ ਹੈ ਅਤੇ ਕਿਸੇ ਵੀ ਹੋਰ ਪਾਰਟੀ ਦੇ ਸਹਾਰੇ ਦੀ ਲੋੜ ਨਹੀਂ ਸਮਝਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਬਾਰੇ ਲੱਗ ਰਹੀਆਂ ਸਾਰੀਆਂ ਅਟਕਲਾਂ ਹੁਣ ਖ਼ਤਮ ਹੋ ਚੁੱਕੀਆਂ ਹਨ ਅਤੇ ਇਸ ਮੁੱਦੇ ’ਤੇ ਕੋਈ ਚਰਚਾ ਬਾਕੀ ਨਹੀਂ ਰਹਿ ਗਈ।ਪੰਜਾਬ ਦੇ ਸੰਗਠਨ ਮਹਾਂਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਨੇ ਕਿਹਾ ਕਿ ਭਾਜਪਾ ਹੁਣ ਕਿਸੇ ਹੋਰ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ’ਚ ‘ਬੈਕ ਸੀਟ ਡਰਾਈਵਰ’ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਗੱਠਜੋੜ ਵਿਚ ਕੋਈ ਹੋਰ ਪਾਰਟੀ ਅਗਵਾਈ ਕਰਦੀ ਹੈ ਤਾਂ ਭਾਜਪਾ ਦੇ ਚੋਣ ਵਾਅਦੇ ਅਤੇ ਨੀਤੀਆਂ ਪਿੱਛੇ ਰਹਿ ਜਾਂਦੀਆਂ ਹਨ। ਜਿਵੇਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਦਮ ’ਤੇ ਸਰਕਾਰਾਂ ਬਣਾਈਆਂ, ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਲੋਕਾਂ ਦੇ ਭਰੋਸੇ ਨਾਲ ਪੰਜਾਬ ਵਿਚ ਆਪਣੇ ਬਲਬੂਤੇ ਸਰਕਾਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਾਖੋਰੀ, ਗੈਂਗਸਟਰਵਾਦ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਖੇਤੀ ਸੰਕਟ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਭਾਰਤੀ ਜਨਤਾ ਪਾਰਟੀ ਕੋਲ ਸਪੱਸ਼ਟ ਰੋਡਮੈਪ ਹੈ। ਉਨ੍ਹਾਂ ਦਰਿਆਈ ਪਾਣੀਆਂ ਦੀ ਵੰਡ, ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਲੰਬੇ ਸਮੇਂ ਤੋਂ ਲਟਕੇ ਮੁੱਦਿਆਂ ਬਾਰੇ ਕਿਹਾ ਕਿ ਇਨ੍ਹਾਂ ਦਾ ਹੱਲ ਟਕਰਾਅ ਨਾਲ ਨਹੀਂ, ਸਗੋਂ ਆਪਸੀ ਗੱਲਬਾਤ ਰਾਹੀਂ ਸੰਭਵ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੇਂਦਰ, ਪੰਜਾਬ ਅਤੇ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹੋਣ ਤਾਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਅਨੁਕੂਲ ਮਾਹੌਲ ਬਣ ਸਕਦਾ ਹੈ।ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ‘ਪੰਜਾਬ ਮਿਸ਼ਨ’ ਤਹਿਤ ਚੋਣੀ ਮੁਹਿੰਮ ਚਲਾ ਰਹੀ ਹੈ, ਜਿਸ ਦਾ ਮੁੱਖ ਮਕਸਦ ਪੰਜਾਬ ਦੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨਾ, ਖੇਤੀਬਾੜੀ ਨੂੰ ਮਜ਼ਬੂਤ ਕਰਨਾ, ਨਸ਼ਾਖੋਰੀ ਅਤੇ ਗੈਂਗਸਟਰਵਾਦ ਦਾ ਖ਼ਾਤਮਾ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਸੁਸ਼ਾਸਨ, ਸਮਾਵੇਸ਼ੀ ਵਿਕਾਸ ਅਤੇ ਧਾਰਮਿਕ ਸਦਭਾਵਨਾ ਦੇ ਮਾਡਲ ਨੂੰ ਅੱਗੇ ਵਧਾਇਆ ਜਾਵੇਗਾ। ਢਿੱਲੋਂ ਨੇ ਕਿਹਾ ਕਿ ਪਾਰਟੀ ਹਰ ਵਿਧਾਨ ਸਭਾ ਹਲਕੇ ’ਚ ਪੂਰੀ ਤਿਆਰੀ ਨਾਲ ਉਤਰੇਗੀ ਅਤੇ ਕਈ ਹਲਕਿਆਂ ਵਿਚ ਇਕ ਟਿਕਟ ਲਈ ਤਿੰਨ ਤੋਂ ਚਾਰ ਤੱਕ ਦਾਅਵੇਦਾਰ ਮੌਜੂਦ ਹਨ, ਜੋ ਪਾਰਟੀ ਦੇ ਵਧਦੇ ਸੰਗਠਨ ਅਤੇ ਲੋਕਾਂ ਦੇ ਵੱਧਦੇ ਭਰੋਸੇ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਬਿਨਾਂ ਕਿਸੇ ਸਿਆਸੀ ਦਿਖਾਵੇ ਦੇ ਲੋਕਾਂ ਵਿਚਕਾਰ ਕੰਮ ਕਰ ਰਹੀ ਹੈ ਅਤੇ ਮੌਨਸੂਨ ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਪਾਰਟੀ ਦੇ ਜ਼ਿਲ੍ਹਾ, ਮੰਡਲ ਅਤੇ ਬੂਥ ਪੱਧਰ ਦੇ ਆਗੂਆਂ ਨੂੰ ਪ੍ਰਭਾਵਿਤ ਖੇਤਰਾਂ ਵਿਚ ਭੇਜਿਆ ਗਿਆ ਹੈ।ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਰੇਤ ਮਾਈਨਿੰਗ, ਸ਼ਰਾਬ ਨੀਤੀ ਅਤੇ ਵਿੱਤੀ ਪ੍ਰਬੰਧਨ ਨੂੰ ਲੈ ਕੇ ਕੀਤੇ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਸਵਾਲ ਕੀਤਾ ਕਿ ਗੈਰ-ਕਾਨੂੰਨੀ ਮਾਈਨਿੰਗ ’ਤੇ ਕਾਬੂ ਪਾ ਕੇ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਦਾ ਦਾਅਵਾ ਕਿਥੇ ਗਿਆ ਅਤੇ ਸੂਬੇ ਦਾ ਕਰਜ਼ਾ ਲਗਾਤਾਰ ਕਿਉਂ ਵਧ ਰਿਹਾ ਹੈ। ਢਿੱਲੋਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਟੈਕਸ ਹਿੱਸੇਦਾਰੀ, ਗ੍ਰਾਂਟਾਂ, ਜੀ.ਐਸ.ਟੀ. ਮੁਆਵਜ਼ੇ ਅਤੇ ਕਰਜ਼ਿਆਂ ਰਾਹੀਂ ਪੰਜਾਬ ਨੂੰ 4.13 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਹੈ। ਕੌਮੀ ਰਾਜਮਾਰਗਾਂ, ਰੇਲਵੇ ਪ੍ਰਾਜੈਕਟਾਂ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਜਲ ਜੀਵਨ ਮਿਸ਼ਨ ਅਤੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵੀ ਸੂਬੇ ਨੂੰ ਵੱਡੇ ਪੱਧਰ ’ਤੇ ਫੰਡ ਪ੍ਰਾਪਤ ਹੋਏ ਹਨ। ਉਨ੍ਹਾਂ ਅਨੁਸਾਰ 11 ਲੱਖ ਤੋਂ ਵੱਧ ਕਿਸਾਨਾਂ ਨੂੰ ਪੀ.ਐੱਮ.-ਕਿਸਾਨ ਯੋਜਨਾ ਦਾ ਲਾਭ ਮਿਲਿਆ ਹੈ ਅਤੇ 17 ਲੱਖ ਤੋਂ ਵੱਧ ਪੇਂਡੂ ਘਰਾਂ ਤੱਕ ਨਲਕਿਆਂ ਰਾਹੀਂ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ ਹੈ।ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਹਰਿਆਣਾ ਦੀ ਤਰ੍ਹਾਂ ਪੰਜਾਬ ਵਿਚ ਵੀ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਯਕੀਨੀ ਬਣਾਇਆ ਜਾਵੇਗਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਆਲੂ ਉਤਪਾਦਕ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ, ਜਦਕਿ ਹਰਿਆਣਾ ’ਚ ਇਹੀ ਫ਼ਸਲ ਵਧੀਆ ਭਾਅ ’ਤੇ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਵਿਚਲਾ ਫ਼ਰਕ ਸਿਰਫ਼ ਸਰਕਾਰੀ ਨੀਤੀਆਂ ਦਾ ਹੈ ਅਤੇ ਭਾਜਪਾ ਪੰਜਾਬ ’ਚ ਵੀ ਕਿਸਾਨਾਂ ਨੂੰ ਬਾਜ਼ਾਰ ਨਾਲ ਜੋੜਨ ਲਈ ਪ੍ਰਭਾਵਸ਼ਾਲੀ ਪ੍ਰਬੰਧ ਕਰੇਗੀ।ਗੱਠਜੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਭਾਜਪਾ ਆਗੂਆਂ ਨੇ ਇਕ ਵਾਰ ਫ਼ਿਰ ਦੁਹਰਾਇਆ ਕਿ ਪਾਰਟੀ ਦੀ ਪੂਰੀ ਤਵੱਜੋ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ, ਨਵੇਂ ਵਰਕਰਾਂ ਨੂੰ ਜੋੜਨ ਅਤੇ ਲੋਕਾਂ ਦੇ ਭਰੋਸੇ ਨਾਲ 2027 ਵਿਚ ਆਪਣੇ ਦਮ ’ਤੇ ਪੰਜਾਬ ’ਚ ਸਰਕਾਰ ਬਣਾਉਣ ’ਤੇ ਕੇਂਦ੍ਰਿਤ ਹੈ।
‘ਬੈਕ ਸੀਟ ਡਰਾਈਵਰ’ ਨਹੀਂ ਬਣੇਗੀ ਭਾਜਪਾ, ਪੰਜਾਬ ’ਚ ਆਪਣੇ ਦਮ ’ਤੇ ਸੱਤਾ ਹਾਸਲ ਕਰਨ ਦਾ ਦਾਅਵਾ
ਅਜੀਤ ਡੈਸਕ
06-07-2026