ਅਮਲੋਹ, 5 ਜੁਲਾਈ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਇਥੇ ਅਨਾਜ ਮੰਡੀ ਵਿਚ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਅਜਿਹੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਜੋ ਡੁੱਬ ਰਹੇ ਪੰਜਾਬ ਨੂੰ ਮੁੜ ਪੱਕੇ ਪੈਰੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜਸੀ ਪਾਰਟੀਆਂ ਵਲੋਂ ਲੋਕਾਂ ਨੂੰ ਲੋਭ-ਲਾਲਚ ਦੇਣ ਲਈ ਅਜਿਹੀਆਂ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਪੰਜਾਬ ਦਾ ਭਲਾ ਹੋਣ ਦੀ ਬਜਾਏ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਦੂਲੋ ਨੇ ਕਿਹਾ ਕਿ ਇਸ ਸਮੇਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਇਕ ਨੁਕਤੀ ਪ੍ਰੋਗਰਾਮ ਹੈ ਕਿ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਲਾਲਚ ਦੇ ਕੇ ਸੱਤਾ ਹਾਸਲ ਕੀਤੀ ਜਾਵੇ, ਜਦਕਿ ਦੂਜੇ ਪਾਸੇ ਪੰਜਾਬ ਦਿਨੋ-ਦਿਨ ਕਰਜ਼ੇ ਹੇਠ ਦੱਬਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਵਿਚ ਅਜਿਹੀ ਲੀਡਰਸ਼ਿਪ ਉੱਭਰੇ ਜੋ ਸੂਬੇ ਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਕਰ ਸਕੇ। ਦੂਲੋ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਸਿਰ ਜੋੜ ਕੇ ਸੋਚਣ ਅਤੇ ਸਿਰਫ਼ ਉਨ੍ਹਾਂ ਹੀ ਪਾਰਟੀਆਂ ਦਾ ਸਮਰਥਨ ਕਰਨ, ਜਿਨ੍ਹਾਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਅਤੇ ਦੂਰ ਅੰਦੇਸ਼ੀ ਵਾਲਾ ਪ੍ਰੋਗਰਾਮ ਹੋਵੇ, ਨਾ ਕਿ ਉਨ੍ਹਾਂ ਪਾਰਟੀਆਂ ਦਾ ਜੋ ਲੋਕਾਂ ਨੂੰ ਮੁਫ਼ਤ ਸਕੀਮਾਂ ਵਿਚ ਉਲਝਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਵਿਚ ਇਸ ਸਮੇਂ ਕਾਨੂੰਨ-ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ। ਪੰਜਾਬ ਵਿਚ ਦਿਨੋ-ਦਿਨ ਨਸ਼ਿਆਂ ਦਾ ਪ੍ਰਭਾਵ ਵਧ ਰਿਹਾ ਹੈ। ਦਿਨ-ਦਿਹਾੜੇ ਚੋਰੀਆਂ, ਡਕੈਤੀਆਂ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਕਾਰਨ ਸੂਬੇ ਵਿਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ।
ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਵਾਲੀ ਲੀਡਰਸ਼ਿਪ ਦੀ ਲੋੜ-ਸ਼ਮਸ਼ੇਰ ਸਿੰਘ ਦੂਲੋ
ਅਜੀਤ ਡੈਸਕ
06-07-2026