ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)-ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅੰਮ੍ਰਿਤਸਰ ਨੇ ਨਸ਼ਾ ਤਸਕਰੀ ਨੈਟਵਰਕ ਦੇ 3 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 25 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਹੋਈ ਖੇਪ ਕੌਮਾਂਤਰੀ ਮੰਡੀ ‘ਚ 200 ਕਰੋੜ ਰੁਪਏ ਦੇ ਮੁੱਲ ਦੀ ਦੱਸੀ ਗਈ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਇਹ ਖ਼ੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਪਿੰਡ ਜੰਡੌਰ (ਹੁਸ਼ਿਆਰਪੁਰ), ਰਵੀ ਕੁਮਾਰ ਵਾਸੀ ਕਿਰਪਾਲ ਕਾਲੋਨੀ, ਦਸੂਹਾ (ਹੁਸ਼ਿਆਰਪੁਰ) ਅਤੇ ਵਿਸ਼ਾਲ ਸਿੰਘ ਵਾਸੀ ਫਤਿਹਪੁਰ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਦੋਸ਼ੀਆਂ ਦੀ ਹੁੰਡਈ ਵਰਨਾ ਕਾਰ ਜੋ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਸੀ, ਨੂੰ ਵੀ ਜ਼ਬਤ ਕਰ ਲਿਆ ਹੈ। ਇਹ ਕਾਰਵਾਈ ਸੀ. ਆਈ. ਅੰਮ੍ਰਿਤਸਰ ਵਲੋਂ 2 ਨਸ਼ਾ ਤਸਕਰੀ ਨੈੱਟਵਰਕਾਂ ਨਾਲ ਜੁੜੇ 3 ਤਸਕਰਾਂ ਨੂੰ 13 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਤੋਂ ਇਕ ਦਿਨ ਬਾਅਦ ਹੀ ਅਮਲ ਵਿਚ ਲਿਆਂਦੀ ਗਈ ਹੈ। ਡੀ. ਜੀ. ਪੀ. ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਤਸਕਰ ਸਰਹੱਦ ਪਾਰਲੇ ਤਸਕਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ ਅਤੇ ਵੱਖ-ਵੱਖ ਟਿਕਾਣਿਆਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਅੱਗੇ ਪੰਜਾਬ ਭਰ ਵਿਚ ਸਪਲਾਈ ਕਰ ਰਹੇ ਸਨ। ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੀ. ਆਈ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਭੁਪਿੰਦਰ ਸਿੰਘ ਅਤੇ ਰਵੀ ਕੁਮਾਰ ਨੇ ਹੈਰੋਇਨ ਦੇ ਵੱਡੇ ਸੌਦੇ ਲਈ ਅੰਮ੍ਰਿਤਸਰ ਦੇ ਪਿੰਡ ਗਿੱਲ ਵਿਖੇ ਮਹਿਤਾ ਰੋਡ ’ਤੇ ਆਪਣੇ ਸਾਥੀ ਵਿਸ਼ਾਲ ਸਿੰਘ ਨੂੰ ਮਿਲਣਾ ਹੈ। ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਨਾਕੇ ਲਗਾਏ ਅਤੇ ਅੰਮ੍ਰਿਤਸਰ ਦੇ ਪਿੰਡ ਗਿੱਲ ਦੀ ਦਾਣਾ ਮੰਡੀ ਨੇੜਿਓਂ ਭੁਪਿੰਦਰ ਸਿੰਘ, ਰਵੀ ਕੁਮਾਰ ਅਤੇ ਵਿਸ਼ਾਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਤਲਾਸ਼ੀ ਦੌਰਾਨ ਪੁਲਿਸ ਟੀਮਾਂ ਨੇ ਵਿਸ਼ਾਲ ਸਿੰਘ ਦੇ ਕਬਜ਼ੇ ਵਿਚੋਂ 8 ਕਿੱਲੋ ਹੈਰੋਇਨ, ਜਦਕਿ ਭੁਪਿੰਦਰ ਸਿੰਘ ਅਤੇ ਰਵੀ ਕੁਮਾਰ ਦੇ ਕੋਲੋਂ 17 ਕਿੱਲੋ ਹੈਰੋਇਨ ਬਰਾਮਦ ਕੀਤੀ। ਇਸ ਸੰਬੰਧੀ ਥਾਣਾ ਐੱਸ.ਐੱਸ.ਓ.ਸੀ. ਸੈੱਲ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ ’ਚ 200 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਦੀ ਵੱਡੀ ਖੇਪ ਬਰਾਮਦ
ਅਜੀਤ ਡੈਸਕ
08-07-2026