ਮਜੀਠਾ, 7 ਜੁਲਾਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਬਲਾਕ ਮਜੀਠਾ ਅਧੀਨ ਪਿੰਡ ਜਿਜੇਆਣੀ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਪਿਓ, ਮਤਰਏ ਭਰਾਵਾਂ ਅਤੇ ਮਤਰੇਈ ਮਾਂ ਵਲੋਂ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ, ਉਸ ਦੀ ਦੂਜੀ ਪਤਨੀ ਅਤੇ ਪਤਨੀ ਦੇ ਦੋ ਲੜਕਿਆਂ ਵਲੋਂ ਆਪਣੇ ਮਤਰਏ ਭਰਾ ਆਕਾਸ਼ਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਅਕਾਸ਼ਦੀਪ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਆਕਾਸ਼ਦੀਪ ਸਿੰਘ ਦਾ ਆਪਣੇ ਪਿਤਾ ਅਤੇ ਭਰਾਵਾਂ ਨਾਲ ਰਿਹਾਇਸ਼ੀ ਜਗ੍ਹਾ ਕਰਕੇ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਉਸ ਦੇ ਦੱਸਣ ਅਨੁਸਾਰ ਆਕਾਸ਼ਦੀਪ ਸਿੰਘ ਦੇ ਪਿਤਾ ਮਲਕੀਤ ਸਿੰਘ ਦੇ ਦੋ ਵਿਆਹ ਹੋਏ ਸਨ। ਉਸ ਦਾ ਪਤੀ ਆਕਾਸ਼ਦੀਪ ਸਿੰਘ, ਉਸ ਦੀ ਪਹਿਲੀ ਪਤਨੀ ਵਿਚੋਂ ਸੀ ਅਤੇ ਦੂਜੀ ਪਤਨੀ ਦੇ ਦੋ ਬੇਟੇ ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਸਿੰਘ ਹਨ। ਉਸ ਨੇ ਦੱਸਿਆ ਕਿ ਪਿੰਡ ਵਿਚ ਰਿਹਾਇਸ਼ ਵਾਲਾ ਸਾਰਾ ਘਰ ਉਸ ਦੇ ਪਤੀ ਆਕਾਸ਼ਦੀਪ ਸਿੰਘ ਨੇ ਬਣਾਇਆ ਹੈ ਪਰ ਉਸ ਦੇ ਮਤਰਏ ਭਰਾ ਉਸ ਨੂੰ ਇਸ ਘਰ ਵਿਚ ਨਹੀਂ ਰਹਿਣ ਦਿੰਦੇ ਸਨ, ਜਿਸ ’ਤੇ ਇਨ੍ਹਾਂ ਦਾ ਆਪਸ ਵਿਚ ਅਕਸਰ ਲੜਾਈ-ਝਗੜਾ ਚਲਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਹੱਤਿਆ ਵਾਲੇ ਦਿਨ ਵੀ ਜਦ ਉਸ ਦਾ ਪਤੀ ਆਕਾਸ਼ਦੀਪ ਸਿੰਘ ਸ਼ਾਮ ਵਕਤ ਘਰ ਆਇਆ ਤਾਂ ਉਸ ਦੇ ਪਿਤਾ ਮਲਕੀਤ ਸਿੰਘ, ਮਤਰਏ ਭਰਾ ਗੁਰਪ੍ਰੀਤ ਸਿੰਘ, ਜ਼ਸਨਦੀਪ ਸਿੰਘ, ਮਤਰੇਈ ਮਾਤਾ ਕੁਲਦੀਪ ਕੌਰ ਨੇ ਹਮ ਸਲਾਹ ਹੋ ਕੇ ਉਸ ਦੇ ਪਤੀ ’ਤੇ ਬੇਸ ਬਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤੀ ਅਤੇ ਲਾਸ਼ ਨਹਿਰ ਵਿਚ ਸੁੱਟ ਦਿੱਤੀ।ਡੀ.ਐੱਸ.ਪੀ. ਕਮਲਮੀਤ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਵੱਖ-ਵੱਖ ਮੁਕੱਦਮਿਆਂ ਵਿਚ ਜੇਲ੍ਹ ਵਿਚ ਬੰਦ ਸੀ ਅਤੇ ਦੋ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਆਇਆ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਮਲਕੀਤ ਸਿੰਘ ਅਤੇ ਕੁਲਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਸਿੰਘ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਮਤਰੇਏ ਭਰਾ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ
ਅਜੀਤ ਡੈਸਕ
08-07-2026